ਅੰਮ੍ਰਿਤਸਰ 10 ਫਰਵਰੀ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਕਿਹਾ ਹੈ ਕਿ ਝੂਠੇ ਸੌਦੇ ਵਾਲੇ ਪਾਖੰਡੀ ਸਾਧ ਰਾਮ ਰਹੀਮ ਦੀ ਝੂਠ ਦੀ ਬਿੱਲੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ‘ਤੇ ਥੈਲਿਓਂ ਬਾਹਰ ਆ ਗਈ ਹੈ।
ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬਲਾਤਕਾਰੀ ਅਤੇ ਕਤਲ ਦੇ ਕੇਸਾਂ ਤੋਂ ਬਚਣ ਲਈ ਇਹ ਡਰਾਮੇਬਾਜ ਸਾਧ ਜਿਸ ਨੇ ਇਹ ਐਲਾਨ ਕੀਤਾ ਸੀ ਕਿ ਦਿੱਲੀ ਵਿੱਚ ਮੇਰੇ ੨੦ ਲੱਖ ਚੇਲੇ ਹਨ ਜਿਨ੍ਹਾਂ ਵਿਚੋਂ ੧੨ ਲੱਖ ਵੋਟ ਮੇਰੇ ਚੇਲਿਆਂ ਦੀ ਹੀ ਬਣਦੀ ਹੈ, ਉਹ ਦੱਸੇ ਕਿ ਇਹ ਵੋਟਾਂ ਕਿੱਥੇ ਗਈਆਂ ਅਤੇ ਕਿਹੜੇ ਹਲਕੇ ‘ਚੋਂ ਇਹ ਵੋਟਾਂ ਪਾਈਆਂ ਗਈਆਂ।ਉਨ੍ਹਾਂ ਕਿਹਾ ਕਿ ਰਾਮ ਰਹੀਮ ਵੱਲੋਂ ਇਹ ਛੜਯੰਤਰ ਆਪਣੀਆਂ ਕਾਲੀਆਂ ਕਰਤੂਤਾਂ ਤੋਂ ਬਚਣ ਲਈ ਹੀ ਰਚਿਆ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਇਹ ਸਾਧ ਆਪਣੀ ਝੂਠੀ ਤਾਕਤ ਦਾ ਸਹਾਰਾ ਲੈ ਕੇ ਸਰਕਾਰ ਤੇ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਝੂਠ ਦਾ ਸਹਾਰਾ ਲੈ ਕੇ ਇਹ ਸਰਕਾਰ ਤੋਂ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਸਾਧ ਜਿਸ ਨੂੰ ਵੀ ਹਮਾਇਤ ਦੇਂਦਾ ਹੈ ਉਹ ਚੋਣਾਂ ਵਿੱਚ ਹਾਰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕਦੀ ਇਹ ਫਿਲਮਾਂ ਰਾਹੀਂ ਪੈਸਾ ਇਕੱਠਾ ਕਰਨ ਲਈ ਹੀਰੋ ਬਣ ਜਾਂਦਾ ਹੈ ਤੇ ਕਦੀ ਬਗਲੇ ਭਗਤ ਵਾਂਗ ਸਾਧ ਦਾ ਸਵਾਂਗ ਰਚਾ ਲੈਂਦਾ ਹੈ।ਉਨ੍ਹਾਂ ਕਿਹਾ ਕਿ ਜੇ ਰਾਜਨੀਤੀ ਦਾ ਏਨਾ ਹੀ ਸ਼ੌਂਕ ਹੈ ਤਾਂ ਇਹ ਸਾਧ ਸਿੱਧਾ ਮੈਦਾਨ ਵਿੱਚ ਆਵੇ ਤਾਂ ਜੋ ਇਸ ਦੀਆਂ ਘਿਨਾਉਣੀਆਂ ਹਰਕਤਾਂ ਨੂੰ ਜਨਤਾ ਸਾਹਮਣੇ ਉਜਾਗਰ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ‘ਤੇ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਇਸ ਸਾਧ ਨੂੰ ਕੋਈ ਮੂੰਹ ਨਾ ਲਾਵੇ ਅਤੇ ਇਸ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਿਆ ਜਾਵੇ।ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਾਖੰਡੀ ਸਾਧ ਦੀ ਝੂਠ ਤੇ ਕੂੜ ਦੀ ਦੁਕਾਨ ਸਦਾ ਲਈ ਬੰਦ ਕਰਵਾਈ ਜਾਵੇ।