25-04-2015 1ਅੰਮ੍ਰਿਤਸਰ : 25 ਅਪ੍ਰੈਲ (        )  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਵਿਸ਼ੇਸ਼ ਯਤਨਾ ‘ਚ ੧੯੮੪ ਦੇ ਧਰਮੀ ਫੌਜੀ, ਇਰਾਕ ਦੇ ਬੰਦੀ ਭਾਰਤੀ, ਸਹਾਰਨਪੁਰ ਦੇ ਦੰਗਾ ਪੀੜਤ ਤੇ ਮਾਰੂ ਰੋਗ ਕੈਂਸਰ ਤੋਂ ਪੀੜਤਾਂ ਦੀ ਮਦਦ ਸਬੰਧੀ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਸੰਪਾਦਿਤ ਪੁਸਤਕ ਲੋਕ ਅਰਪਣ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਸ੍ਰ: ਦਿਲਜੀਤ ਸਿੰਘ ਬੇਦੀ ਨੇ ਪਹਿਲਾਂ ਵੀ ਬਹੁਮੁੱਲੀਆਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ, ਜਿਨ੍ਹਾਂ ਤੋਂ ਸਿੱਖ ਇਤਿਹਾਸ ਸਬੰਧੀ ਭਰਪੂਰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੇਵਾ ਸਿੱਖ ਦਾ ਇਕ ਵਡਮੁੱਲਾ ਸਿਧਾਂਤ ਹੈ। ਸਿੱਖ ਨੇ ਸੇਵਾ ਨੂੰ ਆਪਣੇ ਜੀਵਨ ਦਾ ਹਿਸਾ ਬਣਾ ਕੇ ਗੁਰਮਤਿ ਜੁਗਤ ਅਨੁਸਾਰ ਜੀਵਨ ਜਿਉਣਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸੇਵਾ ਦੇ ਸਿਧਾਂਤ ਨੂੰ ਕੇਵਲ ਪੇਸ਼ ਹੀ ਨਹੀਂ ਕੀਤਾ, ਸਗੋਂ ਆਪਣੇ ਅਮਲੀ ਜੀਵਨ ਵਿੱਚ ਢਾਲ ਕੇ ਇਕ ਨਵੀਂ ਮਿਸਾਲ ਵੀ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਮਾਰਗ ‘ਤੇ ਚੱਲ ਕੇ ਹਮੇਸ਼ਾਂ ਹੀ ਮਨੁੱਖਤਾ ਦੀ ਸੇਵਾ ਲਈ ਕਾਰਜਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਮਿਲੇ ਸਹਿਯੋਗ ਸਦਕਾ ਇਸ ਸ਼੍ਰੋਮਣੀ ਸਿੱਖ ਸੰਸਥਾ ਨੇ ਮਾਨਵਤਾ ਦਾ ਦਰਦ ਵੰਡਾਉਣ ਲਈ ਆਪਣਾ ਬਣਦਾ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਇਲਾਕਿਆਂ ਵਿੱਚ ਆਈਆਂ ਕੁਦਰਤੀ ਆਫ਼ਤਾਂ ਸਮੇਂ ਰਾਹਤ ਸੇਵਾਵਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਕੈਂਸਰ ਪੀੜਤਾਂ ਦੀ ਮਦਦ ਲਈ ਕਰੋੜਾਂ ਰੁਪਏ ਦੀ ਸਹਾਇਤਾ ਬਿਨਾਂ ਭੇਦ-ਭਾਵ ਦੇ ਜਾਰੀ ਕੀਤੀ ਹੈ। ਇਸੇ ਤਰ੍ਹਾਂ ੧੯੮੪ ਦੇ ਧਰਮੀ ਫੌਜੀਆਂ ਦੀ ਵਿਸ਼ੇਸ਼ ਮਦਦ, ਇਰਾਕ ਦੇ ਬੰਦੀ ਪੰਜਾਬੀਆਂ ਦੇ ਪਰਿਵਾਰਾਂ ਦੀ ਮਦਦ ਅਤੇ ਸਹਾਰਨਪੁਰ (ਯੂ.ਪੀ) ਦੇ ਦੰਗਾ ਪੀੜਤਾਂ ਦੀ ਸਹਾਇਤਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਇਨ੍ਹਾਂ ਯਤਨਾਂ ਨੂੰ ਵੱਖ-ਵੱਖ ਸਮੇਂ ‘ਤੇ ਪੁਸਤਕਾਂ ਦੇ ਰੂਪ ਵਿੱਚ ਵੇਰਵੇ ਸਹਿਤ ਪ੍ਰਕਾਸ਼ਿਤ ਕਰਵਾ ਕੇ ਸੰਗਤਾਂ ਤੱਕ ਪਹੁੰਚਾਇਆ ਜਾਂਦਾ ਹੈ। ਪਹਿਲਾਂ ਜਾਰੀ ਕੀਤੇ ਗਏ ਵੇਰਵਿਆਂ ਤੋਂ ਅਗਲੇਰੇ ਵੇਰਵੇ ਇਸ ਪੁਸਤਕ ਵਿੱਚ ਸ਼ਾਮਲ ਕਰਨ ਦਾ ਵਿਸ਼ੇਸ਼ ਉਪਰਾਲਾ ਸ੍ਰ: ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਦੀ ਅਣਥੱਕ ਮਿਹਨਤ, ਲਗਨ ਅਤੇ ਉੱਦਮ ਸਦਕਾ ਹੋਇਆ ਹੈ, ਜਿਸ ਲਈ ਇਹ ਵਧਾਈ ਦੇ ਪਾਤਰ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੇ ਗਏ ਭਲਾਈ ਫੰਡਾਂ ਵਿਚ ਵੱਧ ਤੋਂ ਵੱਧ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਸ੍ਰ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਸਤਿੰਦਰ ਸਿੰਘ ਮੀਤ ਸਕੱਤਰ ਨਿੱਜੀ ਸਹਾਇਕ, ਸ੍ਰ: ਜੋਗਿੰਦਰ ਸਿੰਘ ਸਕੱਤਰ ਟਰੱਸਟ, ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ੍ਰ: ਜਗਜੀਤ ਸਿੰਂਘ ਮੀਤ ਸਕੱਤਰ, ਸ੍ਰ: ਸਤਬੀਰ ਸਿੰਘ ਸਾਬਕਾ ਸਕੱਤਰ, ਸ੍ਰ: ਕੁਲਵਿੰਦਰ ਸਿੰਘ ਇੰਚਾਰਜ ਪਬਲੀਸਿਟੀ ਅਤੇ ਹੋਰ।