ਵਿਸ਼ੇਸ਼ ਸੰਪਾਦਕੀ : ਰੋਜ਼ਾਨਾ ਪੰਜਾਬ ਟਾਇਮਜ਼

– ਬਲਜੀਤ ਸਿੰਘ ਬਰਾੜ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਹੈ। ਸਿੱਖ ਭਾਈਚਾਰਾ ਇਸ ਸੰਸਥਾ ਦੇ ਕੰਮਕਾਜ ਅਤੇ ਕਾਰਗੁਜ਼ਾਰੀ ਸਬੰਧੀ ਹਮੇਸ਼ਾ ਚੇਤੰਨ ਰਹਿੰਦਾ ਹੈ। ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧਾਂ ਤੋਂ ਅੱਗੇ ਕਈ ਅਹਿਮ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਹੈ। ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ, ਸਿੱਖ ਗੁਰਧਾਮਾਂ ਦਾ ਪ੍ਰਬੰਧ, ਸਿੱਖ ਭਾਈਚਾਰੇ ਨੂੰ ਦਰਪੇਸ਼ ਕੌਮੀ ਅਤੇ ਕੌਮਾਂਤਰੀ ਮਸਲਿਆਂ ਦਾ ਹੱਲ, ਸਿੱਖ ਵਿਦਿਅਕ ਅਦਾਰਿਆਂ, ਸਿੱਖ ਵਿਰਸੇ ਅਤੇ ਇਤਿਹਾਸ ਦੀ ਸਾਂਭ-ਸੰਭਾਲ, ਸਿੱਖ ਸ਼ਤਾਬਦੀਆਂ ਅਤੇ ਹੋਰ ਅਹਿਮ ਪ੍ਰੋਗਰਾਮਾਂ ਦਾ ਪ੍ਰਬੰਧ, ਸ਼੍ਰੋਮਣੀ ਕਮੇਟੀ ਲਈ ਪ੍ਰਮੁੱਖ ਅਤੇ ਚੁਣੌਤੀਪੂਰਨ ਕਾਰਜ ਹਨ।ਇਸ ਵੱਡੀ ਜ਼ਿੰਮੇਵਾਰੀ ਨੂੰ ਕੋਈ ਅਸਾਧਰਨ ਸ਼ਖਸੀਅਤ ਹੀ ਸਫਲਤਾ ਨਾਲ ਨਿਭਾਅ ਸਕਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਪੰਥ ਦੀ ਮਾਣਯੋਗ ਸ਼ਖਸੀਅਤ ਜਥੇ. ਅਵਤਾਰ ਸਿੰਘ ਨੇ ਇਸ ਅਹਿਮ ਜ਼ਿੰਮੇਵਾਰੀ ਨੂੰ ਨਵੰਬਰ 2005 ਵਿੱਚ ਸੰਭਾਲਿਆ ਸੀ। ਇਸ ਸਾਲ ਨਵੰਬਰ ਵਿੱਚ ਉਨ੍ਹਾਂ ਦੇ ਕਾਰਜਕਾਲ ਦਾ ਇੱਕ ਦਹਾਕਾ ਪੂਰਾ ਹੋਣ ਵਾਲਾ ਹੈ। ਇਸ ਮੌਕੇ ਉਨ੍ਹਾਂ ਦੇ ਕਾਰਜਕਾਲ ਬਾਰੇ ਚਰਚਾ ਹੋਣੀ ਸੁਭਾਵਿਕ ਹੈ। ਉਨ੍ਹਾਂ ਦੇ ਪ੍ਰਧਾਨਗੀ ਕਾਲ ਨੂੰ ਸ਼੍ਰੋਮਣੀ ਕਮੇਟੀ ਨਾਲ ਭਾਵੁਕ ਤੌਰ ‘ਤੇ ਜੁੜੇ ਹਲਕੇ ਸੁਨਹਿਰੀ ਕਾਲ ਦਾ ਨਾਮ ਦਿੰਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਵੇਂ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੀ ਕਾਫੀ ਗੁੰਜਾਇਸ਼ ਬਾਕੀ ਹੈ, ਪ੍ਰੰਤੂ ਜਥੇ. ਅਵਤਾਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਨਿਭਾਈ ਗਈ ਭੂਮਿਕਾ ਬਹੁਤ ਹੀ ਪ੍ਰਸੰਸਾਯੋਗ ਹੈ। ਗੁਰਦੁਆਰਿਆਂ ਦੇ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਹੈ। ਸੰਗਤ ਦੀ ਸੁੱਖ ਸਹੂਲਤ ਲਈ ਵੱਡੇ ਕਦਮ ਚੁੱਕੇ ਗਏ ਹਨ। ਲੰਗਰ ਅਤੇ ਸਰਾਵਾਂ ਦੇ ਪ੍ਰਬੰਧ ਪਹਿਲਾਂ ਦੇ ਮੁਕਾਬਲੇ ਬਹੁਤ ਉੱਤਮ ਹਨ। ਗੁਰਦੁਆਰਾ ਕਮੇਟੀਆਂ ਦੇ ਹਿਸਾਬ ਕਿਤਾਬ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ। ਇਸ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਪਸਾਰ ਲਈ ਵਧੇਰੇ ਵੱਡੇ ਯਤਨ ਹੋਏ ਹਨ। ਸਿੱਖ ਇਤਿਹਾਸ ਅਤੇ ਵਿਰਸੇ ਨੂੰ ਸੰਭਾਲਣ ਲਈ ਉਚੇਚੇ ਉਦਮ ਕੀਤੇ ਗਏ ਹਨ। ਸਿੱਖ ਸ਼ਤਾਬਦੀਆਂ ਅਤੇ ਅਹਿਮ ਦਿਹਾੜਿਆਂ ਦੇ ਵਿਸ਼ਾਲ ਪ੍ਰਬੰਧਾਂ ਨੂੰ ਬਹੁਤ ਹੀ ਸਫਲਤਾ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਇਸ ਦੌਰਾਨ ਗੁਰਦੁਆਰਿਆਂ ਅਤੇ ਗੁਰਧਾਮਾਂ ਦੀ ਜਾਇਦਾਦ ਤੋਂ ਹੋ ਰਹੀ ਆਮਦਨ ਵਿੱਚ ਵੀ ਵੱਡਾ ਵਾਧਾ ਹੋਇਆ ਹੈ। ਕਮੇਟੀ ਦੇ ਪ੍ਰਬੰਧ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਉਨ੍ਹਾਂ ਨੇ ਸਖਤੀ ਨਾਲ ਕਦਮ ਚੁੱਕੇ ਹਨ। ਜਥੇ. ਅਵਤਾਰ ਸਿੰਘ ਦੀ ਕਾਰਜਸ਼ੈਲੀ ਬਹੁਤ ਪ੍ਰਭਾਵਸ਼ਾਲੀ ਅਤੇ ਸਿੱਖ ਪਰੰਪਰਾਵਾਂ ਮੁਤਾਬਿਕ ਹੈ। ਉਹ ਨਿੱਜੀ ਤੌਰ ‘ਤੇ ਬਹੁਤ ਹੀ ਸਾਦਗੀ ਨਾਲ ਵਿਚਰਦੇ ਹਨ। ਉਨ੍ਹਾਂ ਨੇ ਕਦੇ ਵੀ ਆਪਣੇ ਨਿੱਜ ਲਈ ਗੋਲਕ ਦੀ ਮਾਇਆ ਦਾ ਬੇਦਰਦੀ ਨਾਲ ਇਸਤੇਮਾਲ ਨਹੀਂ ਕੀਤਾ। ਇਸ ਮਾਮਲੇ ‘ਚ ਉਹ ਸ਼੍ਰੋਮਣੀ ਕਮੇਟੀ ਦੇ ਦੂਸਰੇ ਮੈਂਬਰ ਸਾਹਿਬਾਨ ਅਤੇ ਮੁਲਾਜ਼ਮਾਂ ਲਈ ਇੱਕ ਆਦਰਸ਼ ਦੀ ਤਰ੍ਹਾਂ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਸ਼੍ਰੋਮਣੀ ਅਕਾਲੀ ਦਲ ਲਈ ਸਿਆਸੀ ਤੌਰ ‘ਤੇ ਸਹਾਈ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰਜ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਿਰਦਰਦੀ ਦਾ ਕਾਰਣ ਬਣਦੇ ਰਹੇ ਹਨ। ਪੰਜਾਬ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਦੂਸਰੀ ਵਾਰ ਸਰਕਾਰ ਬਣਾ ਸਕਿਆ ਹੈ ਤਾਂ ਇਸ ਵਿੱਚ ਨਿੱਜੀ ਤੌਰ ‘ਤੇ ਜਥੇ. ਅਵਤਾਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਅਤੇ ਭੂਮਿਕਾ ਹੈ। ਉਨ੍ਹਾਂ ਨੇ ਕਈ ਵੱਡੇ ਪੰਥਕ ਸੰਕਟਾਂ ਨੂੰ ਬਹੁਤ ਹੀ ਯੋਗਤਾ ਅਤੇ ਮੁਹਾਰਤ ਨਾਲ ਹੱਲ ਕੀਤਾ ਹੈ। ਵੱਡੇ ਧਾਰਮਿਕ ਵਿਵਾਦਾਂ ਨੂੰ ਵਿਸਫੋਟਿਕ ਹੋਣ ਤੋਂ ਬਚਾਉਣ ਵਿੱਚ ਉਹ ਹਮੇਸ਼ਾ ਸਫਲ ਰਹੇ ਹਨ। ਇਸ ਸਮੇਂ ਦੌਰਾਨ ਜੇਕਰ ਉਨ੍ਹਾਂ ਦੀ ਥਾਂ ਕੋਈ ਹੋਰ ਪ੍ਰਧਾਨ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਸਨ।

ਇਹ ਇਤਿਹਾਸਿਕ ਤੱਥ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਭੂਮਿਕਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ 84 ਦੇ ਸ਼ਹੀਦਾਂ ਦੀ ਯਾਦਗਾਰ ਨੂੰ ਬਣਾਉਣਾ ਅਤੇ ਉਸ ਤੋਂ ਬਾਅਦ ਉਠੇ ਵਿਵਾਦ ਨੂੰ ਸਫਲਤਾ ਨਾਲ ਨਜਿੱਠਣਾ ਪ੍ਰਧਾਨ ਸਾਹਿਬ ਦੇ ਕੰਮਕਾਜੀ  ਸਲੀਕੇ ਦਾ ਉੱਤਮ ਨਮੂਨਾ ਹੈ। ਕਸ਼ਮੀਰ ਅਤੇ ਨੇਪਾਲ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਮਹਾਨ ਕਾਰਜਾਂ ਨਾਲ ਸਿੱਖ ਕੌਮ ਨੂੰ ਪੂਰੇ ਸੰਸਾਰ ਵਿੱਚ ਮਾਣ ਮਿਲਿਆ ਹੈ। ਪ੍ਰਧਾਨ ਸਾਹਿਬ ਨੇ ਸਿੱਖ ਭਾਈਚਾਰੇ ਦੇ ਕੌਮੀ ਅਤੇ ਕੌਮਾਂਤਰੀ ਮਸਲਿਆਂ ਨੂੰ ਤਰਜੀਹੀ ਆਧਾਰ ‘ਤੇ ਹੱਲ ਕਰਾਉਣ ਦੇ ਯਤਨ ਕੀਤੇ ਹਨ। ਗੁਰਬਾਣੀ ਨਾਲ ਉਨ੍ਹਾਂ ਦੀ ਭਾਵਨਾਤਮਿਕ ਸਾਂਝ ਹੈ, ਇਸ ਲਈ ਉਹ ਗੁਰਬਾਣੀ ਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਵਿਸ਼ੇਸ਼ ਤੌਰ ‘ਤੇ ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੇ ਸਿੱਖ ਵਿਦਿਅਕ ਸੰਸਥਾਵਾਂ ਦੀ ਤਰੱਕੀ ਅਤੇ ਵਿਸਥਾਰ ਲਈ ਬਹੁਤ ਸ਼ਲਾਘਾਯੋਗ ਕੰਮ ਕੀਤੇ ਹਨ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਖਿੱਚ ਦਾ ਵੱਡਾ ਕੇਂਦਰ ਬਣੇ ਹੋਏ ਹਨ। ਇਹ ਸਫਲਤਾ ਇਸ ਕਰਕੇ ਮਿਲ ਰਹੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵਿਦਿਅਕ ਅਦਾਰਿਆਂ ਵਿੱਚ ਅਧਿਆਪਕਾਂ ਅਤੇ ਹੋਰ ਅਧਿਕਾਰੀਆਂ ਦੀ ਚੋਣ ਸਮੇਂ ਕੋਈ ਦਖਲ-ਅੰਦਾਜ਼ੀ ਜਾਂ ਪੱਖਪਾਤ ਨਹੀਂ ਕੀਤਾ, ਸਗੋਂ ਸਾਰੀਆਂ ਨਿਯੁਕਤੀਆਂ ਮੈਰਿਟ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ। ਅੱਜ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਯੂਨੀਵਰਸਿਟੀਆਂ ਦੇ ਟੋਪਰ ਫੈਕਲਿਟੀ ਮੈਂਬਰ ਹਨ। ਇਹ ਮਾਣ ਜਥੇ. ਅਵਤਾਰ ਸਿੰਘ ਨੂੰ ਜਾਂਦਾ ਹੈ ਕਿ ਉਨ੍ਹਾਂ ਨੇ ਸਿੱਖ ਵਿਦਿਅਕ ਅਦਾਰਿਆਂ ‘ਚ ਸ਼ਾਨਦਾਰ ਅਕਾਦਮਿਕ ਮਾਹੌਲ ਬਣਾਉਣ ‘ਚ ਵੱਡੀ ਭੂਮਿਕਾ ਨਿਭਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯੋਗ ਮਾਨਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਦੇ ਕੰਮਕਾਜ ਦਾ ਨਿਰਪੱਖ ਤਰੀਕੇ ਨਾਲ ਮੁਲੰਕਣ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਯੋਗ ਮਾਣ ਸਤਿਕਾਰ ਵੀ ਮਿਲਣਾ ਚਾਹੀਦਾ ਹੈ, ਤਾਂ ਜੋ ਉਹ ਹੋਰ ਵਧੇਰੇ ਉਤਸ਼ਾਹ ਨਾਲ ਪੰਥਕ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਅ ਸਕਣ।

(21 ਜੁਲਾਈ 2015 ਦੇ ਰੋਜ਼ਾਨਾ ਪੰਜਾਬ ਟਾਇਮਜ਼ ਵਿੱਚੋਂ)