ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾਂਦੇ ਪੱਤਰ ਵਿਹਾਰ ਕੋਰਸ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ ਜਥੇ:ਅਵਤਾਰ ਸਿੰਘ ਵੱਲੋਂ ਸਨਮਾਨਿਤ

ਅੰਮ੍ਰਿਤਸਰ : 13 ਫਰਵਰੀ : ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਸਮੇਂ ਆਪਣੇ ਪ੍ਰਧਾਨਗੀ ਭਾਸ਼ਣ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 2007 ਤੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਨਾਲ ਸਬੰਧਤ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਸਿੱਖ/ਗੈਰ-ਸਿੱਖ ਹਰ ਧਰਮ ਦਾ ਵਿਅਕਤੀ, ਵਿਦਿਆਰਥੀ, ਘਰੇਲੂ ਬੀਬੀਆਂ, ਨੌਕਰੀ ਪੇਸ਼ਾ, ਵਪਾਰੀ, ਰੀਟਾਇਰਡ ਕਰਮਚਾਰੀ ਅਥਵਾ ਹਰ ਉਮਰ ਦਾ ਵਿਅਕਤੀ ਦਾਖਲਾ ਲੈ ਕੇ ਘਰ ਬੈਠਿਆਂ ਹੀ ਸਿੱਖ ਧਰਮ, ਗੁਰਬਾਣੀ, ਗੁਰ-ਇਤਿਹਾਸ, ਸਿੱਖ ਰਹਿਤ ਮਰਿਯਾਦਾ, ਸੰਸਾਰ ਦੇ ਪ੍ਰਮੁੱਖ ਧਰਮ ਅਤੇ ਧਰਮ ਗ੍ਰੰਥ ਆਦਿ ਬਾਰੇ ਮੁਢਲੀ ਜਾਣਕਾਰੀ ਨਾਲ ਭਰਪੂਰ ਇਹ ਕੋਰਸ ਕਰ ਸਕਦਾ ਹੈ। ਵਿਭਾਗ ਵੱਲੋਂ ਪੱਤਰ ਵਿਹਾਰ ਕੋਰਸ ਨਾਲ ਸਬੰਧਤ ਜਾਣਕਾਰੀ ਅਤੇ ਸਮਗਰੀ ਡਾਕ ਰਾਹੀਂ/ ਦਸਤੀ ਘਰ-ਘਰ ਪਹੁੰਚਾਈ ਜਾਂਦੀ ਹੈ। ਇਹ ਕੋਰਸ ਪੰਜਾਬੀ, ਹਿੰਦੀ, ਅੰਗਰੇਜ਼ੀ ਮੀਡੀਅਮ ਵਿੱਚ ਹੈ। ਇਸ ਕੋਰਸ ਨਾਲ ਜਿੱਥੇ ਸਿੱਖ ਧਰਮ ਬਾਰੇ ਭਰਪੂਰ ਸਾਰਥਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਥੇ ਜੀਵਨ ਨੂੰ ਸਫਲ ਬਨਾਉਣ ਲਈ ਸੁਚੱਜੀ ਪ੍ਰੇਰਨਾ ਵੀ ਮਿਲਦੀ ਹੈ। ਹੁਣ ਤੱਕ ਹਜ਼ਾਰਾਂ ਵਿਦਿਆਰਥੀ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵਿੱਚ ਦਾਖਲਾ ਲੈ ਕੇ ਸਫਲਤਾ ਪੂਰਵਕ ਕੋਰਸ ਮੁਕੰਮਲ ਕਰਕੇ ਸੰਸਥਾ ਵੱਲੋਂ ਪ੍ਰਾਰੰਭ ਹੋਏ “ਗੁਰਮਤਿ ਸਿੱਖਿਆ ਲਹਿਰ” ਦੇ ਇਸ ਕਾਰਜ ਰਾਹੀਂ ਸਿੱਖ ਧਰਮ ਦੀ ਖੁਸ਼ਬੋ ਵਿਸ਼ਵ ਭਰ ਵਿੱਚ ਫੈਲਾਉਣ ਲਈ ਅਹਿਮ ਸਾਰਥਕ ਭੂਮਿਕਾ ਨਿਭਾ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਸਾਲ 2010 ਵਿੱਚ 1000 ਵਿਦਿਆਰਥੀਆਂ ਨੇ ਪੱਤਰ-ਵਿਹਾਰ ਦੀ ਪ੍ਰੀਖਿਆ ਵਿੱਚ ਭਾਗ ਲਿਆ। ਜਿਸ ਵਿੱਚੋਂ ਜਿਆਦਾਤਰ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ। ਇਸ ਸ਼ੈਸ਼ਨ ਵਿੱਚ 31 ਵਿਦਿਆਰਥੀਆਂ ਨੇ ਮੈਰਿਟ ਵਿੱਚ ਇਮਤਿਹਾਨ ਪਾਸ ਕੀਤਾ, ਜਿਨ੍ਹਾਂ ਵਿੱਚੋਂ ਬੀਬੀ ਕਰਮਜੀਤ ਕੌਰ ਸਪੁੱਤਰੀ ਸ.ਮਨਜੀਤ ਸਿੰਘ ਵਾਸੀ ਸ੍ਰੀ ਗੰਗਾਨਗਰ ਨੇ 400 ਵਿੱਚੋਂ 343 ਅੰਕ ਲੈ ਕੇ ਪਹਿਲਾ ਸਥਾਨ, ਭਾਈ ਸੱਜਣ ਸਿੰਘ ਸਪੁੱਤਰ ਸ.ਭਾਗ ਸਿੰਘ ਵਾਸੀ ਰਾਜਪੁਰਾ ਨੇ 341 ਅੰਕ ਲੈ ਕੇ ਦੂਸਰਾ ਸਥਾਨ ਅਤੇ ਭਾਈ ਰਾਮਪ੍ਰੀਤ ਸਿੰਘ ਸਪੁੱਤਰ ਸ.ਹਰਵਿੰਦਰ ਸਿੰਘ ਵਾਸੀ ਪਟਿਆਲਾ ਨੇ 339 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਜਿਨ੍ਹਾਂ ਨੂੰ ਅੱਜ ਦੇ ਵਿਸ਼ੇਸ਼ ਸਮਾਗਮ ਵਿੱਚ ਕ੍ਰਮਵਾਰ 7100, 5100 ਅਤੇ 3100 ਰੁਪਏ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਸੈਸ਼ਨ ਦੇ 28 ਵਿਦਿਆਰਥੀ ਜਿਨ੍ਹਾਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ 1100-1100 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ 2012 ਦੇ ਸੈਸ਼ਨ ਵਿੱਚ ਤਕਰੀਬਨ 3300 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ,ਜਿਸ ਵਿੱਚ ਭਾਈ ਕੁਲਵਿੰਦਰ ਸਿੰਘ ਸਪੁੱਤਰ ਸ.ਪੂਰਨ ਸਿੰਘ ਵਾਸੀ ਤਰਨਤਾਰਨ ਨੇ 400 ਵਿੱਚੋਂ 343 ਅੰਕ ਲੈ ਕੇ ਪਹਿਲਾ ਸਥਾਨ, ਬੀਬੀ ਪਰਮਜੀਤ ਕੌਰ ਸਪੁੱਤਰੀ ਸ.ਤੀਰਥ ਸਿੰਘ ਵਾਸੀ ਖਰਗੋਨ (ਮੱਧ ਪ੍ਰਦੇਸ਼) ਨੇ 342 ਅੰਕ ਲੈ ਕੇ ਦੂਸਰਾ ਸਥਾਨ ਅਤੇ ਬੀਬਾ ਪ੍ਰਭਜੀਤ ਕੌਰ ਸਪੁੱਤਰੀ ਸ.ਅਜੀਤਪਾਲ ਸਿੰਘ ਵਾਸੀ ਖਰਗੋਨ (ਮੱਧ ਪ੍ਰਦੇਸ਼) ਨੇ 341 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕ੍ਰਮਵਾਰ 5100, 4100, 3100 ਰੁਪਏ ਨਗਦ ਰਾਸ਼ੀ, ਸਰਟੀਫਿਕੇਟ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 80% ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ 38 ਵਿਦਿਆਰਥੀਆਂ ਨੂੰ 1100-1100 ਰੁਪਏ ਨਗਦ ਰਾਸ਼ੀ, ਸਰਟੀਫਿਕੇਟ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੱਤਰ-ਵਿਹਾਰ ਕੋਰਸ ਨਾਲ ਜੋੜ ਕੇ ਗੁਰਮਤਿ ਵਿਦਿਆ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ।

ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ.ਸਤਬੀਰ ਸਿੰਘ ਨੇ ਆਈਆਂ ਸੰਗਤਾਂ ਨੂੰ ਜੀ ਆਇਆ ਕਹਿੰਦੇ ਹੋਏ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੈਸ਼ਨ 2013-14 ਦੌਰਾਨ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵਿੱਚ ਪੰਜਾਬੀ ਮੀਡੀਅਮ ਵਿੱਚ 14250, ਹਿੰਦੀ ਮੀਡੀਅਮ ਵਿੱਚ 1592 ਅਤੇ ਅੰਗਰੇਜੀ ਮੀਡੀਅਮ ਵਿੱਚ 1433 ਵਿਦਿਆਰਥੀਆਂ ਨੇ ਦਾਖਲਾ ਪ੍ਰਾਪਤ ਕੀਤਾ ਸੀ। ਜਿਨ੍ਹਾਂ ਦਾ ਇਮਤਿਹਾਨ ਜਨਵਰੀ 2014 ਵਿੱਚ ਸਫਲਤਾ ਪੂਰਵਕ ਸੰਪੰਨ ਹੋਇਆ ਹੈ। ਇਸ ਕੋਰਸ ਰਾਹੀਂ ਜਿਥੇ ਵਿਦਿਆਰਥੀ ਧਰਮ ਸਬੰਧੀ ਮੁੱਢਲੀ ਜਾਣਕਾਰੀ ਪ੍ਰਾਪਤ ਹਨ, ਉਥੇ ਇਨ੍ਹਾਂ ਵਜ਼ੀਫਿਆਂ ਰਾਹੀਂ ਵਿਦਿਆਰਥੀਆਂ ਦੀ ਆਰਥਿਕ ਪੱਖ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਾਰੰਭ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਅਕਾਦਮਿਕ ਖੇਤਰ ਵਿੱਚ ਪ੍ਰਮੁੱਖ ਕਾਰਜ ਹੋ ਨਿਬੜਿਆ ਹੈ। ਜਿਸ ਦਾ ਆਉਣ ਵਾਲੇ ਸਮੇਂ ਵਿੱਚ ਘੇਰਾ ਹੋਰ ਵਿਸ਼ਾਲ ਹੋਣ ਦੀ ਬਹੁਤ ਵੱਡੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।

ਇਸ ਮੌਕੇ ਸ.ਰੂਪ ਸਿੰਘ ਸਕੱਤਰ, ਸ.ਬਲਵਿੰਦਰ ਸਿੰਘ ਜੌੜਾਸਿੰਘਾ ਐਡੀ:ਸਕੱਤਰ, ਸ.ਜਗੀਰ ਸਿੰਘ ਮੈਨੇਜਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਸ.ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਐਜੂਕੇਸ਼ਨ ਵੀ ਹਾਜ਼ਰ ਸਨ।