ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥ ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥ ਵੀਰਵਾਰ, ੧੮ ਹਾੜ (ਸੰਮਤ ੫੫੮ ਨਾਨਕਸ਼ਾਹੀ) ੦੨ ਜੁਲਾਈ, ੨੦੨੬ (ਅੰਗ: ੬੦੮)

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਐਡਵੋਕੇਟ ਧਾਮੀ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 14 ਫ਼ਰਵਰੀ-
ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ. ਜਸਰਾਜ ਸਿੰਘ ਹੱਲਣ, ਸ. ਅਮਨਪ੍ਰੀਤ ਸਿੰਘ ਗਿੱਲ ਤੇ ਸ. ਦਲਵਿੰਦਰ ਸਿੰਘ ਗਿੱਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ. ਜਸਰਾਜ ਸਿੰਘ ਹੱਲਣ, ਸ. ਅਮਨਪ੍ਰੀਤ ਸਿੰਘ ਗਿੱਲ, ਸ. ਦਲਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਨਾਲ ਆਏ ਸੀਨੀਅਰ ਪੱਤਰਕਾਰ ਸ. ਸੁਖਜਿੰਦਰ ਸਿੰਘ ਚੋਹਲਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਨੇ ਸਿੱਖ ਨੂੰ ਬਖ਼ਸ਼ਿਸ਼ ਕੀਤੀ ਹੈ ਕਿ ਉਹ ਜਿਥੇ ਵੀ ਰਹੇ ਸਰਬੱਤ ਦੇ ਭਲੇ ਦਾ ਕਾਰਜ ਕਰੇ। ਇਸੇ ਤਹਿਤ ਹੀ ਦੇਸ਼ ਦੁਨੀਆਂ ਅੰਦਰ ਵੱਸੇ ਸਿੱਖ ਗੁਰੂ ਆਸ਼ੇ ਅਨੁਸਾਰ ਕਾਰਜ ਕਰਦਿਆਂ ਵੱਡੀਆਂ ਮੱਲਾਂ ਮਾਰ ਰਹੇ ਹਨ। ਕੈਨੇਡਾ ਦੀ ਧਰਤੀ ’ਤੇ ਵੀ ਸਿੱਖਾਂ ਨੇ ਕਾਰੋਬਾਰਾਂ ਦੇ ਨਾਲ-ਨਾਲ ਸਿਆਸਤ ਵਿਚ ਵੀ ਵੱਡੇ ਮੁਕਾਮ ਹਾਸਲ ਕੀਤੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ. ਜਸਰਾਜ ਸਿੰਘ ਹੱਲਣ ਤੇ ਸ. ਅਮਨਪ੍ਰੀਤ ਸਿੰਘ ਪੂਰਨ ਤੌਰ ’ਤੇ ਸਿੱਖੀ ਸਰੂਪ ਵਿਚ ਹਨ, ਜੋ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਨੌਜੁਆਨ ਐਮਪੀ ਜਿਥੇ ਆਪਣੇ ਖੇਤਰ ਵਿਚ ਵੱਡੀਆਂ ਸੇਵਾਵਾਂ ਕਰ ਰਹੇ ਹਨ, ਉਥੇ ਹੀ ਸਿੱਖੀ ਦੇ ਪ੍ਰਚਾਰ ਲਈ ਵੀ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਸ੍ਰੀ ਅੰਮ੍ਰਿਤਸਰ ਆਉਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਜੀ-ਆਇਆਂ ਆਖਿਆ ਅਤੇ ਕੈਨੇਡਾ ਅੰਦਰ ਸਿੱਖੀ ਪ੍ਰਚਾਰ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬਧਤਾ ਪ੍ਰਗਟਾਈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਐਮਪੀ ਹਨ, ਜਿਨ੍ਹਾਂ ਤੋਂ ਭਾਈਚਾਰੇ ਨੂੰ ਹਮੇਸ਼ਾ ਵੱਡੀਆਂ ਉਮੀਦਾਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਵੀ ਆਪਣੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸ. ਚੀਮਾ ਨੇ ਅਪੀਲ ਕੀਤੀ ਕਿ ਸਾਡੇ ਨੌਜੁਆਨ ਆਪਣੀ ਮਿੱਟੀ ਅਤੇ ਵਿਰਸੇ ਨਾਲ ਜੁੜੇ ਰਹਿਣ, ਇਸ ਲਈ ਹਮੇਸ਼ਾ ਯਤਨ ਹੋਣੇ ਚਾਹੀਦੇ ਹਨ।
ਇਸੇ ਦੌਰਾਨ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ. ਜਸਰਾਜ ਸਿੰਘ ਹੱਲਣ, ਸ. ਅਮਨਪ੍ਰੀਤ ਸਿੰਘ ਗਿੱਲ, ਸ. ਦਲਵਿੰਦਰ ਸਿੰਘ ਗਿੱਲ ਨੇ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਫ਼ਲਸਫ਼ੇ ਅਨੁਸਾਰ ਦਸਤਾਰ ਸਜਾ ਕੇ ਮਨੁੱਖਤਾ ਦੀ ਸੇਵਾ ਕਰਦਿਆਂ ਹਮੇਸ਼ਾ ਮਾਣ ਮਹਿਸੂਸ ਕਰਦੇ ਹਨ ਅਤੇ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਹਨ ਕਿ ਸਿੱਖੀ ਦੇ ਵਾਧੇ ਲਈ ਇਕਜੁਟ ਹੋ ਕੇ ਯਤਨਸ਼ੀਲ ਰਹੀਏ। ਉਨ੍ਹਾਂ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਉਨ੍ਹਾਂ ਲਈ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਸੋਂਹ ਚੁੱਕਣ ਦਾ ਉਹ ਦਿਨ ਸੀ ਜਿਸ ਦਿਨ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਕਰਨ ਦੇ ਦਿਨ ਨੂੰ ਯਾਦ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਹੋਰ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਵੱਡੀ ਪ੍ਰੇਰਣਾ ਵੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਸ. ਫੁੰਮਣ ਸਿੰਘ, ਸ. ਅਮਰਜੀਤ ਸਿੰਘ ਬੰਡਾਲਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਜਸਪਾਲ ਸਿੰਘ, ਵਧੀਕ ਮੈਨੇਜਰ ਸ. ਗੁਰਿੰਦਰ ਸਿੰਘ ਦੇਵੀਦਾਸਪੁਰ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਅੰਮ੍ਰਿਤਪਾਲ ਸਿੰਘ ਬੈਂਸ, ਅੰਮ੍ਰਿਤ ਹੇਅਰ, ਸ. ਗੁਰਪ੍ਰਤਾਪ ਸਿੰਘ, ਸ. ਹਰਮੀਤ ਸਿੰਘ ਸਲੂਜਾ ਆਦਿ ਮੌਜੂਦ ਸਨ।