ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੂਹੀ ਮਹਲਾ ੪ ॥ ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ ਸ਼ੁੱਕਰਵਾਰ, ੧੨ ਹਾੜ (ਸੰਮਤ ੫੫੮ ਨਾਨਕਸ਼ਾਹੀ) ੨੬ ਜੂਨ, ੨੦੨੬ (ਅੰਗ: ੭੩੧)

ਕਿਹਾ; ਸਿੱਖਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਰੋਸ ਕਰਨ ਤੋਂ ਰੋਕਣਾ ਲੋਕਤੰਤਰ ਦੇ ਵਿਰੁੱਧ

ਅੰਮ੍ਰਿਤਸਰ, 7 ਮਈ- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਅਰਦਾਸ ਕਰਕੇ ਸੰਸਦ ਭਵਨ ਵੱਲ ਸ਼ਾਂਤਮਈ ਰੋਸ ਮਾਰਚ ਕਰ ਰਹੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਵੱਡੀ ਬੇਇਨਸਾਫ਼ੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੁਲਿਸ ਵੱਲੋਂ ਸਿੱਖ ਆਗੂਆਂ ਦੀ ਕੀਤੀ ਗ੍ਰਿਫਤਾਰੀ ਤੇ ਪ੍ਰਤੀਕਿਰਿਆ ਦਿੰਦਿਆਂ ਕੀਤਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਕਰੀਬ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਅੰਦਰ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਵੱਲੋਂ ਲਗਾਤਾਰ ਅਵਾਜ਼ ਉਠਾਈ ਜਾ ਰਹੀ ਹੈ ਪਰੰਤੂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖ ਭਾਵਨਾਵਾਂ ਨੂੰ ਅਣਗੌਲਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਹਰ ਨਾਗਰਿਕ ਨੂੰ ਆਪਣੀਆਂ ਹੱਕੀ ਮੰਗਾਂ ਲਈ ਸਾ਼ਤਮਈ ਰੋਸ ਕਰਨ ਦਾ ਹੱਕ ਹੈ ਪਰੰਤੂ ਦੇਸ਼ ਦੀ ਰਾਜਧਾਨੀ ਵਿੱਚ ਸਿੱਖਾਂ ਤੋਂ ਇਹ ਹੱਕ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਸ ਮਾਰਚ ਕਰ ਰਹੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਵੱਖ ਵੱਖ ਠਾਣਿਆਂ ਵਿਚ ਬੰਦ ਕਰ ਦੇਣਾ ਇਨਸਾਫ਼ ਦੀ ਅਵਾਜ਼ ਨੂੰ ਦਬਾਉਣ ਦੀ ਕਾਰਵਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਕਰੜੀ ਨਿੰਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਕੌਮ ਤੇ ਹੋਏ ਜੁ਼ੁਲਮਾਂ ਵਿਰੁੱਧ ਸੰਘਰਸ਼ ਕਰਨ ਵਾਲੇ ਬੰਦੀ ਸਿੰਘ ਅਦਾਲਤ ਤੋਂ ਮਿਲੀਆਂ ਸਜ਼ਾਵਾਂ ਤੋਂ ਕਿਤੇ ਵਧੇਰੇ ਸਮਾਂ ਜੇਲ੍ਹਾਂ ਅੰਦਰ ਬਿਤਾ ਚੁੱਕੇ ਹਨ। ਇਸੇ ਦੇਸ਼ ਅੰਦਰ ਜਦੋਂ ਹੋਰ ਧਰਮ ਦੇ ਲੋਕਾਂ ਨੂੰ ਸਰਕਾਰਾਂ ਸਜ਼ਾ ਵਿੱਚ ਕਟੌਤੀ ਕਰਕੇ ਰਿਹਾ ਕਰ ਸਕਦੀਆਂ ਹਨ ਤਾਂ ਸਿੱਖਾਂ ਨਾਲ ਬੇਇਨਸਾਫ਼ੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸਰਕਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਅਤੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਸਿੰਘਾਂ ਦੀ ਤੁਰੰਤ ਰਿਹਾਈ ਦਾ ਐਲਾਨ ਕਰੇ।
ਉਨ੍ਹਾਂ ਰੋਸ ਮਾਰਚ ਕਰ ਰਹੇ ਆਗੂਆਂ ਨੂੰ ਵੀ ਤੁਰੰਤ ਰਿਹਾਅ ਕਰਨ ਲਈ ਆਖਿਆ।