ਗੁਰਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਸ਼੍ਰੋਮਣੀ ਕਮੇਟੀ ਦਾ ਯਤਨ ਸ਼ਲਾਘਾਯੋਗ-ਸ. ਦਲਵਿੰਦਰ ਸਿੰਘ

ਅੰਮ੍ਰਿਤਸਰ, 13 ਮਾਰਚ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਨੌਜੁਆਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਕੋਚਿੰਗ ਦੇਣ ਲਈ ਖੋਲ੍ਹੀ ਗਈ ਨਿਸ਼ਚੈ ਅਕੈਡਮੀ ਵਿਚ ਹਰ ਸਾਲ ਪੰਜ ਬੱਚਿਆਂ ਦਾ ਖਰਚਾ ਚੁੱਕਣ ਲਈ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੱਸਟ ਵੈਸਟ ਬੰਗਾਲ ਨੇ ਪਹਿਲਕਦਮੀ ਕੀਤੀ ਹੈ। ਅੱਜ ਇਥੇ ਪੁੱਜੇ ਟਰੱਸਟ ਦੇ ਜੁਆਇੰਟ ਸੈਕਟਰੀ ਸ. ਦਲਵਿੰਦਰ ਸਿੰਘ ਅਤੇ ਟਰੱਸਟ ਮੈਂਬਰ ਸ. ਤੇਜਿੰਦਰ ਸਿੰਘ ਬੱਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਈਏਐਸ, ਆਈਪੀਐਸ, ਆਈਐਫਐਸ ਅਤੇ ਪੀਪੀਐਸਸੀ ਦੀ ਮੁਫ਼ਤ ਕੋਚਿੰਗ ਵਾਸਤੇ ਕੀਤੇ ਯਤਨਾਂ ਨੂੰ ਸਲਾਹਿਆ। ਇਸ ਦੌਰਾਨ ਉਨ੍ਹਾਂ ਨੇ ਟਰੱਸਟ ਵੱਲੋਂ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਤੇਗ ਬਾਹਦਰ ਐਜੂਕੇਸ਼ਨ ਟਰੱਸਟ ਵੈਸਟ ਬੰਗਾਲ ਵੱਲੋਂ ਸਿੱਖ ਨੌਜੁਆਨੀ ਨੂੰ ਪ੍ਰਸ਼ਾਸਕੀ ਸੇਵਾਵਾਂ ਲਈ ਤਿਆਰ ਕਰਨ ਵਾਸਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਜ ਸਮੁੱਚੀ ਸਿੱਖ ਕੌਮ ਦਾ ਸਾਂਝਾ ਕਾਰਜ ਹੈ ਅਤੇ ਭਵਿੱਖ ਵਿਚ ਇਸ ਨੂੰ ਹੋਰ ਵਧਾਉਣ ਦੀ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਰ ਸਾਲ 25 ਸਿੱਖ ਨੌਜੁਆਨਾਂ ਦੀ ਮੁਫ਼ਤ ਕੋਚਿੰਗ ਅਤੇ ਰਹਿਣ-ਸਹਿਣ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਸੀ। ਖੁਸ਼ੀ ਦੀ ਗੱਲ ਹੈ ਕਿ ਇਸ ਵਿਚ ਵੱਖ-ਵੱਖ ਸਿੱਖ ਸੰਸਥਾਵਾਂ ਯੋਗਦਾਨ ਪਾਉਣ ਲਈ ਆਪ ਮੁਹਾਰੇ ਅੱਗੇ ਆ ਰਹੀਆਂ ਹਨ। ਵੈਸਟ ਬੰਗਾਲ ਦੇ ਐਜੂਕੇਸ਼ਨ ਟਰੱਸਟ ਦੇ ਨੁਮਾਇੰਦਿਆਂ ਨੇ ਹਰ ਸਾਲ 5 ਬੱਚਿਆਂ ਦਾ ਖਰਚਾ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਇਸ ਤੋਂ ਪਹਿਲਾਂ ਯੂਨੀਟਿਡ ਸਿੰਘ ਸਭਾ ਫਾਊਡੇਂਸ਼ਨ ਦੇ ਪ੍ਰਧਾਨ ਸ. ਰਾਮ ਸਿੰਘ ਵੱਲੋਂ 10 ਬੱਚਿਆਂ ਦਾ ਖਰਚਾ ਚੁੱਕਣ ਦੀ ਸਹਿਮਤੀ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਅਕੈਡਮੀ ਵਿਚ ਦਾਖਲੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਤਹਿਤ 25 ਮਾਰਚ ਤੱਕ ਚਾਹਵਾਨ ਦਰਖਾਸਤ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚੋਣ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਅਪ੍ਰੈਲ ਮਹੀਨੇ ’ਚ ਕਲਾਸਾਂ ਆਰੰਭ ਦਿੱਤੀਆਂ ਜਾਣਗੀਆਂ।
ਇਸ ਮੌਕੇ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੱਸਟ ਵੈਸਟ ਬੰਗਾਲ ਦੇ ਸੰਯੁਕਤ ਸਕੱਤਰ ਸ. ਦਲਵਿੰਦਰ ਸਿੰਘ ਅਤੇ ਮੈਂਬਰ ਸ. ਤੇਜਿੰਦਰ ਸਿੰਘ ਬੱਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜੋ ਸਮੇਂ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਵੈਸਟ ਬੰਗਾਲ ਦੀਆਂ ਸੰਗਤਾਂ ਦੇ ਸਹਿਯੋਗ ਨਾਲ 5 ਗੁਰਸਿੱਖ ਵਿਦਿਆਰਥੀਆਂ ਦਾ ਖਰਚਾ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਇਸ ਵਿਚ ਹੋਰ ਵਾਧਾ ਕਰਨ ਕਰਨ ਲਈ ਯਤਨ ਕਰਾਂਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ, ਸ. ਸੁਰਜੀਤ ਸਿੰਘ ਅਜ਼ਾਦ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਸਮੇਤ ਹੋਰ ਮੌਜੂਦ ਸਨ।