ਕਿਹਾ; ਮੀਰੀ ਪੀਰੀ ਦੇ ਸਿੱਖ ਸਿਧਾਂਤ ਤੋਂ ਕੋਰੇ ਹੋਣ ਕਰਕੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ ਸ. ਭਗਵੰਤ ਸਿੰਘ ਮਾਨ

ਅੰਮ੍ਰਿਤਸਰ, 23 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਜਲਦ ਹੀ ਖੁੱਲ੍ਹੇ ਟੈਂਡਰ ਮੰਗੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪੰਜ ਮੈਂਬਰੀ ਕਮੇਟੀ ਗਠਤ ਕੀਤੀ ਗਈ ਹੈ, ਜੋ ਨਿਯਮ ਅਤੇ ਸ਼ਰਤਾਂ ਤੈਅ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਸਬੰਧੀ ਕੁਝ ਲੋਕ ਵੱਲੋਂ ਜਾਣਬੁਝ ਕੇ ਬੇਲੋੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਇਸ ਵਿਚ ਭਾਗੀ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਅਰਸੇ ਦੌਰਾਨ ਨਿਯਮਾਂ ਤਹਿਤ ਗੁਰਬਾਣੀ ਪ੍ਰਸਾਰਣ ਦੇ ਹੱਕ ਵੱੱਖ-ਵੱਖ ਚੈਨਲਾਂ ਨੂੰ ਦਿੱਤੇ ਸਨ, ਜਿਸ ਤਹਿਤ ਮੌਜੂਦਾ ਸਮੇਂ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਿ: (ਪੀਟੀਸੀ ਚੈਨਲ) ਨਾਲ ਚੱਲ ਰਿਹਾ ਇਕਰਾਰਨਾਮਾ ਜੁਲਾਈ 2023 ਤੱਕ ਹੈ। ਇਹ ਇਕਰਾਰਨਾਮਾ 24 ਜੁਲਾਈ 2012 ਨੂੰ 11 ਸਾਲ ਲਈ ਹੋਇਆ ਸੀ ਅਤੇ ਹੁਣ ਇਸ ਦੇ ਸਮਾਪਤ ਹੋਣ ’ਤੇ ਨਵੇਂ ਸਿਰਿਓਂ ਕਾਰਵਾਈ ਕੀਤੀ ਜਾਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕਰਾਰਨਾਮੇ ਤਹਿਤ ਜੀ-ਨੈਕਸਟ ਮੀਡੀਆ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵਿਦਿਆ ਫੰਡ ਲਈ 1 ਕਰੋੜ ਰੁਪਏ ਸਾਲਾਨਾ (10% ਸਾਲਾਨਾ ਵਾਧੇ ਨਾਲ) ਦੇਣਾ ਤੈਅ ਹੋਇਆ ਸੀ, ਜਿਸ ਅਨੁਸਾਰ ਬਣਦੀ ਹੁਣ ਤਕ ਦੀ ਸਾਰੀ ਰਾਸ਼ੀ ਜਮ੍ਹਾ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਇਕ ਮਰਯਾਦਾ ਬੇਹੱਦ ਲਾਜ਼ਮੀ ਹੈ, ਜਿਸ ਕਰਕੇ ਹਰ ਇਕ ਨੂੰ ਇਸ ਦੇ ਪ੍ਰਸਾਰਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਜਿਹੜਾ ਵੀ ਗੁਰਬਾਣੀ ਪ੍ਰਸਾਰਣ ਦੇ ਹੱਕ ਪ੍ਰਾਪਤ ਕਰੇਗਾ ਉਸ ਨੂੰ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਮਰਯਾਦਾ ਅਤੇ ਨਿਯਮਾਂ ਦਾ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਗੁਰਬਾਣੀ ਦਾ ਪ੍ਰਸਾਰਣ ਵਿਸ਼ਵ ਭਰ ਵਿਚ ਕਰਨਾ ਯਕੀਨੀ ਬਣਾਉਣਾ ਪਵੇਗਾ। ਦੂਸਰੇ ਪਾਸੇ ਜੇਕਰ ਖੁੱਲ੍ਹੇਆਮ ਗੁਰਬਾਣੀ ਪ੍ਰਸਾਰਣ ਦੀ ਆਗਿਆ ਦੇ ਦਿੱਤੀ ਜਾਵੇ ਤਾਂ ਮਰਯਾਦਾ ਵਿਰੁੱਧ ਕਈ ਮਾਮਲੇ ਉਭਰਨਗੇ, ਖਾਸਕਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਵਿਵਾਦ ਪੈਦਾ ਹੋਣਗੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੇਹੱਦ ਸੰਜੀਦਾ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਇਸ ’ਤੇ ਰਾਜਨੀਤੀ ਕਰ ਰਹੇ ਹਨ। ਸ. ਭਗਵੰਤ ਸਿੰਘ ਮਾਨ ਕਦੀ ਸੰਗਤਾਂ ਨੂੰ ਗੋਲਕਾਂ ਵਿਚ ਪੈਸੇ ਪਾਉਣਾ ਬੰਦ ਕਰਨ ਲਈ ਆਖਦੇ ਹਨ ਅਤੇ ਕਦੀ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਸਬੰਧੀ ਦੁਬਿਧਾ ਪੈਦਾ ਕਰਨ ਦਾ ਯਤਨ ਕਰਦੇ ਹਨ। ਇਹ ਮੁੱਖ ਮੰਤਰੀ ਦੇ ਜ਼ੁੰਮੇਵਾਰ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦਾ। ਐਡਵੋਕੇਟ ਧਾਮੀ ਨੇ ਸ. ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ’ਤੇ ਕੀਤੀਆਂ ਟਿੱਪਣੀਆਂ ਦੇ ਜਵਾਬ ਵਿਚ ਕਿਹਾ ਕਿ ਮੁੱਖ ਮੰਤਰੀ ਇਹ ਦੱਸ ਸਕਦੇ ਹਨ ਕਿ ਉਹ ਦਿੱਲੀ ਦੇ ਤੋਤੇ ਨਹੀਂ ਹਨ? ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਪਤਾ ਨਹੀਂ ਹੈ। ਐਡਵੋਕੇਟ ਧਾਮੀ ਨੇ ਸ. ਮਾਨ ਨੂੰ ਯਾਦ ਦਵਾਉਂਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਸ. ਮੋਹਨ ਸਿੰਘ ਨਾਗੋਕੇ ਅਤੇ ਸ. ਮੋਹਨ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕੋ ਸਮੇਂ ਜਥੇਦਾਰ ਰਹੇ। ਮੁੱਖ ਮੰਤਰੀ ਮੀਰੀ ਪੀਰੀ ਦੇ ਸਿੱਖ ਸਿਧਾਂਤ ਤੋਂ ਕੋਰੇ ਹੋਣ ਕਰਕੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸਰਕਾਰ ਦੇ ਕਰਨ ਵਾਲੇ ਕਾਰਜਾਂ ਵੱਲ ਧਿਆਨ ਦੇਣ ਅਤੇ ਮਰਯਾਦਾ ਵਿਚ ਰਹਿ ਕੇ ਗੱਲ ਕਰਨ ਦੀ ਨਸੀਹਤ ਦਿੱਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਪ੍ਰੀਤ ਸਿੰਘ ਝੱਬਰ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ, ਸ. ਜਸਵਿੰਦਰ ਸਿੰਘ ਜੱਸੀ ਹਾਜ਼ਰ ਸਨ।