ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ 30 ਮਾਰਚ, 2021 ਨੂੰ ਹੋਏ ਆਪਣੇ ਬਜਟ ਇਜਲਾਸ ਦੌਰਾਨ ਸਿੱਖ ਸਰੋਕਾਰਾਂ ਨਾਲ ਸੰਬੰਧਤ ਕਈ ਅਹਿਮ ਮਤੇ ਪਾਸ ਕੀਤੇ। ਇਨ੍ਹਾਂ ਵਿੱਚੋਂ ਇੱਕ ਅਹਿਮ ਮਤੇ ਰਾਹੀਂ ਭਾਰਤ ਅੰਦਰ ਸਿੱਖਾਂ ਸਮੇਤ ਘੱਟਗਿਣਤੀਆਂ ਨੂੰ ਦਬਾਉਣ ਵਾਲੀਆਂ ਚਾਲਾਂ ਦੀ ਸਖ਼ਤ ਵਿਰੋਧਤਾ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮਤੇ ਵਿਚ ਕਿਹਾ ਗਿਆ ਕਿ, “ਭਾਰਤ ਇੱਕ ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਵਰਗੀ ਦੇਸ਼ ਹੈ। ਇਸ ਦੀ ਅਜ਼ਾਦੀ ਵਿਚ ਹਰ ਧਰਮ ਦਾ ਵੱਡਾ ਯੋਗਦਾਨ ਰਿਹਾ ਹੈ, ਖ਼ਾਸਕਰ ਸਿੱਖ ਕੌਮ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਰਾਸ਼ਟ੍ਰੀਯ ਸ੍ਵਯਮ ਸੇਵਕ ਸੰਘ (ਆਰ.ਐੱਸ.ਐੱਸ.) ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਚਾਲਾਂ ਦੇ ਮੱਦੇ ਨਜ਼ਰ ਦੂਜੇ ਧਰਮਾਂ ਦੀ ਧਾਰਮਿਕ ਅਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ। ਸਿੱਧੇ ਤੇ ਅਸਿੱਧੇ ਰੂਪ ਵਿਚ ਦਖ਼ਲਅੰਦਾਜ਼ੀ ਕਰਕੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।” ਇਸ ਮਤੇ ਰਾਹੀਂ, “ਭਾਰਤ ਸਰਕਾਰ ਨੂੰ ਵੀ ਸੁਚੇਤ ਕੀਤਾ ਗਿਆ ਕਿ ਉਹ ਆਰ.ਐੱਸ.ਐੱਸ ਵੱਲੋਂ ਅਰੰਭੀਆਂ ਕੋਸ਼ਿਸ਼ਾਂ ਨੂੰ ਲਾਗੂ ਕਰਨ ਲਈ ਤੱਤਪਰ ਹੋਣ ਦੀ ਥਾਂ ਹਰ ਧਰਮ ਦੇ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਨੂੰ ਸੁਰੱਖਿਅਤ ਬਣਾਉਣ ਲਈ ਕਾਰਜ ਕਰੇ। ਜਿਹੜੇ ਵੀ ਅਨਸਰ ਘੱਟਗਿਣਤੀਆਂ ਨੂੰ ਦਬਾਉਣ ਦਾ ਯਤਨ ਕਰਦੇ ਹਨ, ਉਨ੍ਹਾਂ ਨੂੰ ਨਕੇਲ ਪਾਈ ਜਾਵੇ।”

ਸਮੁੱਚੇ ਭਾਰਤ ਅੰਦਰ ਪੰਜਾਬ ਇਸ ਲਈ ਪ੍ਰਸਿੱਧ ਹੈ ਕਿ ਕਿਵੇਂ ਇੱਥੇ ਹਰ ਧਰਮ ਦੇ ਲੋਕ ਸੁਖਾਵੇਂ ਮਾਹੌਲ ਵਿਚ ਆਪਣਾ ਜੀਵਨ ਬਸਰ ਕਰਦੇ ਹਨ। ਸਮੇਂ-ਸਮੇਂ ਪੰਜਾਬੀ ਲੋਕ ਫਿਰਕੂ ਸਦਭਾਵਨਾ ਦੀ ਮਿਸਾਲਾਂ ਵੀ ਕਾਇਮ ਕਰਦੇ ਰਹਿੰਦੇ ਹਨ। ਸੰਨ 1947 ਈ. ਦੀਆਂ ਘਟਨਾਵਾਂ ਬਹੁਤ ਦਰਦਨਾਕ ਸਨ ਅਤੇ ਉਸ ਸਮੇਂ ਦੇਸ਼ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਏ ਫਿਰਕੂ ਮਹੌਲ ਕਾਰਨ ਮੁਸਲਿਮ, ਹਿੰਦੂ ਤੇ ਸਿੱਖ ਭਾਈਚਾਰਿਆਂ ਵਿਚਕਾਰ ਬਹੁਤ ਤਲਖ ਮਹੌਲ ਬਣ ਗਿਆ ਸੀ। ਲੇਕਿਨ ਪੰਜਾਬ ਅੰਦਰ ਮੌਜੂਦਾ ਸਮੇਂ ਇਹ ਤਿੰਨੇ ਭਾਈਚਾਰੇ ਅਮਨ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਸਮੇਂ ਨਾਲ ਹਾਲਾਤ ਵਿੱਚ ਬਹੁਤ ਫਰਕ ਆਇਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਜ਼ਿਕਰ ਕੀਤੇ ਮਤੇ ਦੇ ਪਾਸ ਹੋਣ ਉਪਰੰਤ ਇਹ ਅਖੌਤੀ ਪ੍ਰਚਾਰ ਅਰੰਭਿਆ ਗਿਆ ਕਿ ਕਿਵੇਂ ਮਾਰਚ 1947 ਵਿਚ ਆਰ.ਐੱਸ.ਐੱਸ. ਨੇ ਸਿੱਖਾਂ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਮੁਸਲਿਗ ਲੀਗ ਦੇ ਦੰਗਾਕਾਰੀਆਂ ਪਾਸੋਂ ਦੋ ਵਾਰ ਬਚਾਉਂਦਿਆਂ ਹਿੰਦੂ-ਸਿੱਖ ਏਕਤਾ ਨੂੰ ਬਰਕਰਾਰ ਰੱਖਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ 75 ਸ੍ਵਯਮ ਸੇਵਕਾਂ ਦੀ ਨਿਯੁਕਤੀ ਕੀਤੀ। ਇਸ ਗੱਲ ਦਾ ਜ਼ਿਕਰ ਮੁੱਢਲੇ ਰੂਪ ਵਿਚ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਅੰਦਰ ਹਿੰਦੂ ਭਾਈਚਾਰੇ ਨਾਲ ਸਬੰਧਤ ਮੰਤਰੀ ਰਹੇ ‘ਡਾ. ਗੋਕੁਲ ਚੰਦ ਨਾਰੰਗ’ ਵੱਲੋਂ ਆਪਣੀ ਪੁਸਤਕ ‘ਟ੍ਰਾਂਸਫੋਰਮੇਸ਼ਨ ਆਫ਼ ਸਿੱਖੀਜ਼ਮ’ ਵਿਚ ਕੀਤਾ ਗਿਆ। ਇਹ ਪੁਸਤਕ ਦਾ ਪਹਿਲਾਂ ਐਡੀਸ਼ਨ ਸੰਨ 1912 ਵਿਚ ਛਪਿਆ, ਦੂਜਾ 1945, ਤੀਜਾ 1946, ਚੌਥਾ 1956 ਤੇ ਪੰਜਵਾਂ 1960। ਇਸ ਮਗਰੋਂ ਇਹ ਪੁਸਤਕ ਕਈ ਵਾਰ ਦੁਬਾਰਾ ਪ੍ਰਕਾਸ਼ਿਤ ਹੁੰਦੀ ਰਹੀ। ਸੰਨ 1956 ਵਾਲੇ ਐਡੀਸ਼ਨ ਵਿਚ ਡਾ. ਗੋਕੁਲ ਚੰਦਨਾ ਰੰਗ ਨੇ ‘ਦ ਸਟ੍ਰਗਲ ਫਾਰ ਖ਼ਾਲਿਸਤਾਨ’ ਨਾਮ ਦਾ ਇੱਕ ਅਧਿਆਇ ਇਸ ਪੁਸਤਕ ਵਿਚ ਸ਼ਾਮਲਕੀਤਾ, ਜਿਸਦੇ ਅੰਦਰ ਬਿਨਾਂ ਕਿਸੇ ਹਵਾਲੇ ਦੇ ਇਹ ਗੱਲ ਦਰਜ ਕਰ ਦਿੱਤੀ ਗਈ ਕਿ “2 ਮਾਰਚ, 1947 ਈ. ਨੂੰ ਮਾਸਟਰ ਤਾਰਾ ਸਿੰਘ ਇੱਕ ਜਥੇ ਨਾਲ (ਲਾਹੌਰ) ਅਸੈਂਬਲੀ ਹਾਲ ਪੁੱਜੇ, ਜਿੱਥੇ ਉਨ੍ਹਾਂ ਨੇ ਆਪਣੀ ਕਿਰਪਾਨ ਖਿੱਚ ਕੇ ਇਹ ਐਲਾਨ ਕੀਤਾ ਕਿ ਉਹ ਮੁਸਲਿਮ ਲੀਗ ਨੂੰ ਕੰਮ ਨਹੀਂ ਕਰਨ ਦੇਣਗੇ। ਮਾਸਟਰ ਤਾਰਾ ਸਿੰਘ ਵੱਲੋਂ ਕੀਤੇ ਇਸ ਐਲਾਨ ਨੇ ਬਰੂਦ ਨੂੰ ਚੰਗਿਆੜੀ ਲਾਉਣ ਦਾ ਕੰਮ ਕੀਤਾ। ਮੁਸਲਿਮ ਲੀਗ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦੇ ਹਿੰਦੂ ਸਿੱਖ ਵਿਦਿਆਰਥੀਆਂ ਦੇ ਮਾਰਚ ਉੱਤੇ ਪੁਲਿਸ ਵੱਲੋਂ ਗੋਲੀ ਚਲਾਈ ਗਈ। ਇਸ ਮਗਰੋਂ ਪੰਜਾਬ ਅੰਦਰ ਹਿੰਸਾ ਦਾ ਭਾਂਬੜ ਮੱਚ ਗਿਆ। ਹਿੰਦੂਆਂ ਤੇ ਸਿੱਖਾਂ ਦੇ ਕਤਲ ਤੇ ਉਨ੍ਹਾਂ ਦੇ ਘਰ ਸਾੜਨਾ ਆਮ ਹੋ ਗਿਆ। ਸ੍ਰੀ ਅੰਮ੍ਰਿਤਸਰ ਦੇ ਸਾਰੇ ਬਜ਼ਾਰ ਵੀ ਸਾੜੇ ਗਏ ਅਤੇ ਇੱਥੋਂ ਤਕ ਕਿ ਜਦੋਂ ਬਹੁਤੇ ਸਿੱਖ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਤਾਂ ਗੋਲਡਨ ਟੈਂਪਲ (ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ) ਉੱਤੇ ਵੀ ਇੱਕ ਕੋਸ਼ਿਸ਼ ਕੀਤੀ ਗਈ ਪਰ ਆਰ.ਐੱਸ.ਐੱਸ ਸੰਘ ਦੇ ਨੌਜਵਾਨਾਂ ਵੱਲੋਂ ਖੁਸ਼ਕਿਸਮਤੀ ਨਾਲ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਟੈਂਪਲ (ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ) ਨੂੰ ਬੇਅਦਬੀ ਅਤੇ ਸੰਭਵ ਤਬਾਹੀ ਤੋਂ ਬਚਾਇਆ ਗਿਆ ਸੀ।”

ਡਾ. ਗੋਕੁਲ ਚੰਦ ਨਾਰੰਗ ਦੀ ਪੁਸਤਕ ਤੋਂ ਇਲਾਵਾ ਇਸ ਗੱਲ ਦਾ ਜ਼ਿਕਰ ਇੱਕ ਹੋਰ ਆਰ.ਐੱਸ.ਐੱਸ ਪੱਖੀ ਪੁਸਤਕ “Partition Days: The Fiery Saga of RSS” ਵਿਚ ਕੀਤਾ ਗਿਆ ਹੈ ਜੋ ਕਿ ਮਾਨਿਕ ਚੰਦਰਾ ਵਾਜਪਈ ਤੇ ਸ਼੍ਰੀ ਧਰਪਾਰਡ ਕਰ ਵੱਲੋਂ ਲਿਖੀ ਗਈ ਹੈ, ਜਿਸ ਦਾ ਅੰਗਰੇਜ਼ੀ ਤਰਜਮਾ ਸੁਧਾਕਰ ਰਾਜੇ ਨੇ ਕੀਤਾ ਅਤੇ ਇਸ ਪੁਸਤਕ ਦਾ ਅੰਗ੍ਰੇਜ਼ੀ ਵਿਚ ਪਹਿਲਾ ਐਡੀਸ਼ਨ ਅਗਸਤ 2002 ਵਿਚ ਨਵੀਂ ਦਿੱਲੀ ਤੋਂ ਛਪਿਆ ਅਤੇ ਪ੍ਰਕਾਸ਼ਕ ਸੁਰੁਚੀ ਪ੍ਰਕਾਸ਼ਨ ਸੀ।

ਇਸ ਖੋਜ ਦੌਰਾਨ ਅਜੇ ਤਕਉਕਤ ਦੋ ਪੁਸਤਕਾਂ ਤੋਂ ਇਲਾਵਾ ਕਿਸੇ ਹੋਰ ਇਤਿਹਾਸਿਕ ਤੇ ਭਰੋਸੇ ਯੋਗ ਦਸਤਾਵੇਜ਼, ਵਿਸ਼ੇ ਨਾਲ ਸੰਬੰਧਿਤ ਪੁਸਤਕਾਂ, ਉਸ ਸਮੇਂ ਦੀਆਂ ਜ਼ਰੂਰੀ ਅਖ਼ਬਾਰਾਂ, ਰਸਾਲਿਆਂ ਆਦਿ ਵਿਚ ਇਹ ਜਾਣਕਾਰੀ ਨਹੀਂ ਮਿਲਦੀ ਕਿ ਆਰ.ਐੱਸ.ਐੱਸ ਨੇ ਸ੍ਵਯਮ ਸੇਵਕਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਲਗਾ ਕੇ ਮੁਸਲਿਮ-ਲੀਗੀਆਂ ਤੋਂ ਦੋ ਵਾਰ ਬਚਾਇਆ ਹੋਵੇ ਅਤੇ ਸਿੱਖ ਆਪਣੇ ਕੇਂਦਰੀ ਧਰਮ ਅਸਥਾਨ ਦੀ ਸੁਰੱਖਿਆ ਪ੍ਰਤੀ ਇਤਨੇ ਅਵੇਸਲੇ ਹੋਣ ਕਿ ਉਨ੍ਹਾਂ ਨੂੰ ਅਜਿਹਾ ਸਮਾਂ ਦੇਖਣਾ ਪਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼-ਵੰਡ ਤੋਂ ਪਹਿਲਾਂ 1920 ਈ. ਦੀ ਕਾਰਜਸ਼ੀਲ ਸੰਸਥਾ ਹੈ ਅਤੇ 1947 ਈ. ਵਿਚ ਸ੍ਰੀ ਦਰਬਾਰ ਸਾਹਿਬ ਇਸ ਦੇ ਪ੍ਰਬੰਧ ਅਧੀਨ ਹੀ ਸੀ, ਜਿਸ ਤੋਂ ਭਾਵ ਹੈ ਕਿ ਸੰਸਥਾ ਦਾ ਆਪਣਾ ਸੁਰੱਖਿਆਦਸਤਾ, ਮੁਲਾਜ਼ਮ ਆਦਿ ਅਮਲਾ ਫੈਲਾ ਵੀ ਇੱਥੇ ਤਾਇਨਾਤ ਜ਼ਰੂਰ ਹੋਵੇਗਾ। ਇਸ ਵਿਸ਼ੇ ਬਾਰੇ ਹੋਰ ਡੂੰਘਾਈ ਨਾਲ ਜਾਣਨ ਲਈ ਅੱਗੇ ਤੱਥਾਂ ਦੀ ਪੜਚੋਲ ਕਰਦੇ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰ. ਐੱਸ. ਐੱਸ. ਦੀ ਹਿੰਦੂ ਰਾਸ਼ਟਰ ਬਣਾਉਣ ਦੀ ਵਿਚਾਰਧਾਰਾ ਦੇ ਵਿਰੁੱਧ ਪਾਸ ਕੀਤੇ ਮਤੇ ਤੋਂ ਬਾਅਦ ਸਿੱਖਾਂ ਵਿਰੁੱਧ ਅਜਿਹੇ ਅਖੌਤੀ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਇਸ ਨੂੰ ਬਲ ਦੇਣ ਲਈ ‘ਦ ਪ੍ਰਿੰਟ’ ਨਾਮੀ ਆਨਲਾਈਨ ਪੋਰਟਲ ਉੱਤੇ 2002 ਦੀ ਸੁਰੁਚੀ ਪ੍ਰਕਾਸ਼ਨ ਵਾਲੀ ਪੁਸਤਕ ਨੂੰ ਆਧਾਰ ਬਣਾ ਕੇ ਦਿੱਲੀ ਸਥਿਤ ਸੰਘ ਨਾਲ ਜੁੜੇ ਥਿੰਕਟੈਂਕ ‘ਵਿਚਾਰ ਵਿਨੀਮਯ ਕੇਂਦਰ’ ਦੇ ਰੀਸਰਚ ਡਾਇਰੈਕਟਰ ਅਰੁਣ ਅਨੰਦ ਵੱਲੋਂ ਲਿਖਿਆ ਇੱਕ ਲੇਖ ‘How RSS helped save ‘Darbar Sahib’ twice and upheld Hindu-Sikh unity’ ਮਿਤੀ 5 ਅਪ੍ਰੈਲ, 2021 ਈ. ਨੂੰ ਪ੍ਰਕਾਸ਼ਿਤ ਕੀਤਾ ਗਿਆ। ਜਿਸਦਾ ਮੰਤਵ ਇਹ ਜਾਪਦਾ ਹੈ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ ਤੋਂ ਬਾਅਦ ਸਿੱਖਾਂ ਨੂੰ ਚਿੜ੍ਹਾਉਣਾ ਜਾਂਨੀਵੇਂ ਦਿਖਾਉਣਾ ਹੋਵੇ, ਕਿ ਤੁਸੀਂ ਸੰਘ ਦੀ ਹਿੰਦੂ ਰਾਸ਼ਟਰ ਬਣਾਉਣ ਵਾਲੀ ਵਿਚਾਰਧਾਰਾ ਦਾ ਵਿਰੋਧ ਕੀਤਾ ਹੈ ਪਰ ਸੰਘ ਤਾਂ ਉਹ ਸੰਸਥਾ ਹੈ ਜਿਸਨੇ ਤੁਹਾਡੇ ਕੇਂਦਰੀ ਧਰਮ ਅਸਥਾਨ ਨੂੰ ਬਚਾਇਆ ਹੈ। ‘ਦ ਪ੍ਰਿੰਟ’ ਆਨਲਾਈਨ ਪੋਰਟਲ ਦੇ ਸੰਸਥਾਪਕ ਸ਼ੇਖਰ ਗੁਪਤਾ ਹਨ, ਜੋ ਕਿ 8 ਜੂਨ, 2018 ਈ. ਨੂੰ ਪ੍ਰਕਾਸ਼ਿਤ ਕੀਤੇ ਆਪਣੇ ਲੇਖ ਵਿਚ ਖੁਦ ਲਿਖਦੇ ਹਨ ਕਿ ਉਹ ਆਪਣੇ ਸਕੂਲੀ ਦੌਰ ਵਿਚ ਆਰ.ਐੱਸ.ਐੱਸ. ਨਾਲ ਜੁੜੇ ਰਹੇ ਹਨ, ਜਿਸ ਤੋਂ ਇਨ੍ਹਾਂ ਦਾ ਵੀ ਸੰਘ ਨਾਲ ਸੰਬੰਧਿਤ ਪਿਛੋਕੜ ਸਿੱਧ ਹੁੰਦਾ ਹੈ।

ਅਰੁਣ ਅਨੰਦ ਵੱਲੋਂ ਦਾਅਵਾ

{ਅਰੁਣ ਅਨੰਦ ਵੱਲੋਂ ਲੇਖ ਵਿਚ ਇਹ ਦਾਅਵਾ ਕੀਤਾ ਗਿਆ ਕਿ 6 ਮਾਰਚ, 1947 ਈ. ਦੀ ਰਾਤ ਨੂੰ ਜਦੋਂ ਮੁਸਲਿਮ ਲੀਗੀਆਂ ਨੇ ਅੰਮ੍ਰਿਤਸਰ ਵਿਚ ਹਮਲੇ ਕੀਤੇ ਅਤੇ ਉਨ੍ਹਾਂ ਨੇ ਕ੍ਰਿਸ਼ਨਾ ਕੱਪੜਾ ਮਾਰਕੀਟ ਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਸਾਜ਼ਿਸ਼ ਘੜੀ ਹੋਈ ਸੀ ਤਾਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਵਿਚ ਆਰ. ਐੱਸ. ਐੱਸ ਨੇ 75 ਸ੍ਵਯਮ ਸੇਵਕਾਂ ਨੂੰ ਨਿਯੁਕਤ ਕੀਤਾ ਹੋਇਆ ਸੀ। ਉਪਰੰਤ 9 ਮਾਰਚ, 1947 ਈ. ਨੂੰ ਦੋਂ ਮੁਸਲਿਮ ਲੀਗੀਆਂ ਦੇ ਸਮੂਹ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਤਿੰਨ (ਕਟੜਾ ਕਰਮ ਸਿੰਘ, ਨਮਕ ਮੰਡੀ ਤੇ ਸ਼ੇਰਾਂ ਵਾਲਾ ਦਰਵਾਜ਼ਾ) ਪਾਸਿਓਂ ਆ ਰਹੇ ਸਨ ਤਾਂ ਵੀ ਉਨ੍ਹਾਂ ਨੂੰ ਰੋਕਣ ਲਈ ਆਰ.ਐੱਸ.ਐੱਸ ਦੇ ਸ੍ਵਯਮ ਸੇਵਕਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ। ਇਹ ਵੀ ਦਾਅਵਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਬਹੁਤ ਥੋੜੇ ਸੇਵਾਦਾਰ ਸਨ, ਉਹ ਵੀ ਡਰੇ ਹੋਏ ਸਨ ਤੇ ਨਾਲ ਹੀ ਲਗਪਗ 100 ਨਿਹੱਥੇ ਸ਼ਰਧਾਲੂ ਅੰਦਰ ਫਸੇ ਹੋਏ ਸਨ।}

ਸੰਘ-ਪੱਖੀ ਪੁਸਤਕਾਂ ਤੇ ਇਸ ਦੀ ਵਿਚਾਰਧਾਰਾ ਵਾਲੇ ਵਿਅਕਤੀ ਵੱਲੋਂ ਲਿਖੇ ਤੇ ਪ੍ਰਕਾਸ਼ਿਤ ਕੀਤੇ ਲੇਖ ਰਾਹੀਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਿਚ ਸਿੱਖਾਂ ਦੀ ਢਿੱਲੀ ਕਾਰਗੁਜਾਰੀ, ਢਹਿੰਦੀ ਕਲਾ ਤੇ ਲੋੜੀਂਦੇ ਪ੍ਰਬੰਧ ਦੀ ਗੈਰਹਾਜ਼ਰੀ ਦਰਸਾਉਣ ਵਾਲੀ ਗੱਲ ਹਜ਼ਮ ਨਹੀਂ ਹੁੰਦੀ। ਇਸ ਲਈ 6 ਤੋਂ 10 ਮਾਰਚ, 1947 ਈ. ਦਰਮਿਆਨ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਇਨ੍ਹਾਂ ਦਾਅਵਿਆਂ ਦੀ ਖੋਜ ਕੀਤੀ ਗਈ, ਜਿਸ ਤੋਂ ਬਹੁਤ ਕੁਝ ਸਪੱਸ਼ਟ ਹੋਇਆ ਹੈ। ਖੋਜ ਕੀਤੇ ਤੱਥਾਂ ਤੋਂ ਦਾਅਵਿਆਂ ਦੇ ਉਲਟ ਇਹ ਗੱਲ ਸਾਹਮਣੇ ਆਈ ਹੈ ਕਿ 6 ਮਾਰਚ ਦੀ ਸ਼ਾਮ ਤਕ ਕਈ ਸਿੱਖ ਆਗੂ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਸਨ ਅਤੇ 9 ਮਾਰਚ ਨੂੰ ਜਿਹੜਾ ਮੁਸਲਿਮ ਲੀਗੀਆਂ ਵੱਲੋਂ ਹਮਲਾ ਸ੍ਰੀ ਦਰਬਾਰ ਸਾਹਿਬ ਵੱਲ ਹੋਣਾ ਘੜਿਆ ਗਿਆ ਹੈ ਅਜਿਹੀ ਕੋਈ ਘਟਨਾ ਸਮੇਂ ਦੇ ਦਸਤਾਵੇਜ਼ਾਂ ਵਿਚ ਨਹੀਂ ਮਿਲਦੀ।

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਤੇ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਹੀ ਸੰਵੇਦਨਸ਼ੀਲ ਅਤੇ ਤਿਆਰ ਬਰ ਤਿਆਰ ਰਹੀ ਹੈ। ਸਮੁੱਚੇ ਵਿਸ਼ਵ ਨੂੰ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਇਸ ਮਹਾਨ ਅਤੇ ਪਾਵਨ ਅਸਥਾਨ ਉੱਤੇ ਹਮਲਾ ਕਰਨ ਵਾਲੇ ਧਾੜਵੀਆਂ ਨੂੰ ਸਿੱਖਾਂ ਨੇ ਹਮੇਸ਼ਾ ਹੀ ਆਪਣੀ ਸਮਰੱਥਾ ਅਨੁਸਾਰ ਮੂੰਹ ਤੋੜ ਜਵਾਬ ਦਿੱਤਾ ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਸੰਨ 1947 ਵਿਚ ਦੇ ਸ਼ਦੀ ਵੰਡ ਤੋਂ ਪਹਿਲਾਂ ਭੜਕੇ ਦੰਗਿਆਂ ਦੌਰਾਨ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਿਚ ਢਿੱਲ ਵਰਤਦੇ। ਸੰਘ-ਪੱਖੀ ਦਾਅਵੇ ਦੀ ਵੱਖ-ਵੱਖ ਸਰੋਤਾਂ ਤੋਂ ਡੂੰਘੀ ਘੋਖ ਕਰਨ ਉਪਰੰਤ ਸਾਹਮਣੇ ਆਇਆ ਹੈ ਕਿ ਇਹ ਸਰਾਸਰ ਗ਼ਲਤ ਪ੍ਰਚਾਰ ਹੈ।

ਉਸ ਸਮੇਂ ਦੇ ਉੱਘੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਨਿੱਜੀ ਡਾਇਰੀ ਵਿੱਚੋਂ ਉਨ੍ਹਾਂ ਦੀ ਹੱਥਲਿਖਤ ਗਵਾਹੀ, ਸੰਨ 1947 ਵਿਚ ਵੰਡ ਸੰਬੰਧੀ ਵਿਸ਼ਿਆਂ ਉੱਤੇ ਲਿਖੀਆਂ ਜ਼ਰੂਰੀ ਪੁਸਤਕਾਂ (ਪੰਜਾਬ ਦਾ ਉਜਾੜਾ – ਗਿਆਨੀ ਸੋਹਣ ਸਿੰਘ ਸੀਤਲ; ਮੁਸਲਿਮ ਲੀਗੀਆਂ ਦੇ ਹਮਲੇ ਦੀ ਵਿਥਿਆ 1947 – ਸ. ਗੁਰਬਚਨ ਸਿੰਘ ਤਾਲਿਬ; ਲਹੂ-ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ – ਇਸ਼ਤਿਆਕ ਅਹਿਮਦ; ਪਾਕਿਸਤਾਨੀ ਘੱਲੂਘਾਰਾ – ਗਿਆਨੀ ਪ੍ਰਤਾਪ ਸਿੰਘ, ਰਿਪੋਰਟਿੰਗ ਪਾਰਟੀਸ਼ਨ ਆਫ ਪੰਜਾਬ 1947 – ਪ੍ਰੋ ਰਘੂਵੇਂਦਰ ਤੰਵਰ), ਅਖ਼ਬਾਰਾਂ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ ’ਤੇ ਸਪੱਸ਼ਟ ਹੁੰਦਾ ਹੈ ਕਿ ਸਥਾਨਕ ਸਿੱਖਾਂ ਅਤੇ ਹਿੰਦੂਆਂ ਨੇ ਰਲਕੇ ਸਾਂਝੇ ਤੌਰ ’ਤੇ ਮੁਸਲਿਮ ਲੀਗ ਦੇ ਦੰਗਾਕਾਰੀਆਂ ਦਾ ਮੁਕਾਬਲਾ ਕੀਤਾ। ਸੰਨ 1947 ਈ. ਦਾ ਸੰਘਰਸ਼ ਹਿੰਦੂ ਅਤੇ ਸਿੱਖਾਂ ਦਾ ਸਾਂਝਾ ਸੰਘਰਸ਼ ਸੀ, ਜਿਸ ਵਿੱਚ ਦੋਵਾਂ ਨੇ ਰਲਕੇ ਮੁਕਾਬਲਾ ਕੀਤਾ ਪਰ ਆਰ.ਐੱਸ.ਐੱਸ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਆਪਣੇ ਸ੍ਵਯਮ ਸੇਵਕਾਂ ਦੀ ਨਿਯੁਕਤੀ ਕਰਕੇ ਇਸ ਪਾਵਨ ਸਿੱਖ ਅਸਥਾਨ ਨੂੰ ਬਚਾਉਣ ਸੰਬੰਧੀ ਕੋਈ ਨਿਰਪੱਖ ਤੇ ਭਰੋਸੇਯੋਗ ਹਵਾਲਾ ਨਹੀਂ ਮਿਲਦਾ। ਸਾਹਮਣੇ ਆਉਂਦਾ ਹੈ ਕਿ ਇਹ ਮਨਘੜਨ ਤੇ ਗ਼ਲਤ ਪ੍ਰਚਾਰ ਕੀਤਾ ਗਿਆ ਹੈ ਅਤੇ ਇਸ ਨੂੰ ਤੱਥ ਵਜੋਂ ਪੇਸ਼ ਕਰਨ ਲਈ ਆਰ.ਐੱਸ.ਐੱਸ ਦੀ ਵਿਚਾਰਧਾਰਾ ਵਾਲੇ ਅਤੇ ਇਸਦਾ ਪ੍ਰਚਾਰ ਕਰਨ ਵਾਲੇ ਲੇਖਕਾਂ ਵੱਲੋਂ ਲਿਖੀ ਪੁਸਤਕਾਂ ਅੰਦਰ ਇਹ ਗੱਲ ਬਿਨਾਂ ਕਿਸੇ ਠੋਸ ਹਵਾਲਿਆਂ ਦੇ ਦਰਜ ਕਰ ਦਿੱਤੀ ਗਈ ਹੈ। ਸੱਚ ਇਹ ਸਾਹਮਣੇ ਆਇਆ ਹੈ ਕਿ ਮਾਰਚ 1947 ਦੀ ਗੜਬੜ ਮੌਕੇ ਸ੍ਰੀ ਦਰਬਾਰ ਸਾਹਿਬ ਉੱਤੇ ਮੁਸਲਿਮ ਲੀਗੀਆਂ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਅਤੇ 5 ਤੋਂ 10 ਮਾਰਚ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਵਿਚ ਸਿੱਖ ਮੌਜੂਦ ਸਨ। ਸਿੱਖ ਆਗੂਆਂ ਨੇ ਇਹਤਿਆਤ ਦੇ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹਾ ਪ੍ਰਬੰਧ ਜ਼ਰੂਰ ਕੀਤਾ ਹੋਇਆ ਸੀ ਕਿ ਜੇਕਰ ਮੁਸਲਿਮ ਲੀਗੀ ਏਹ ਮਲਾ ਕਰਦੇ ਤਾਂ ਉਨ੍ਹਾਂ ਦਾ ਬੁਰਾ ਹਾਲ ਹੋਣਾ ਸੀ, ਇਸ ਦੀ ਗਵਾਹੀ ਮਾਸਟਰ ਤਾਰਾ ਸਿੰਘ ਖੁਦ ਭਰਦੇ ਹਨ।

ਇਸ ਮਨਘੜਤ ਕਹਾਣੀ ਸੰਬੰਧੀ ਸੱਚ ਜਾਣਨ ਲਈ ਸਭ ਤੋਂ ਪਹਿਲਾਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਾਸਟਰ ਤਾਰਾ ਸਿੰਘ ਵੱਲੋਂ ਧਰਮਸ਼ਾਲਾ ਵਿਖੇ ਆਪਣੀ ਜੇਲ੍ਹ ਯਾਤਰਾ ਦੌਰਾਨ ਲਿਖੀ ਗਈ ਨਿੱਜੀ ਡਾਇਰੀ ਦੀ ਗਵਾਹੀ ਵਿੱਚੋਂ ਅੰਸ਼ ਅਤਿ-ਅਹਿਮ ਹਨ। ਡਾ. ਗੋਕੁਲ ਚੰਦ ਨਾਰੰਗ ਵੱਲੋਂ ਲਿਖੀ ਪੁਸਤਕ ‘Transformation of Sikhism’ ਦਾ ਨਵਾਂ ਐਡੀਸ਼ਨ ਸੰਨ 1960 ਵਿਚ ਜੇਲ੍ਹ ਅੰਦਰ ਪੜ੍ਹਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਆਪਣੀ ਡਾਇਰੀ ਵਿੱਚ ਲਿਖਦੇ ਹਨ, “ਇਸ ਐਡੀਸ਼ਨ ਵਿਚ ਡਾਕਟਰ ਸਾਹਿਬ (ਨੇ) ਮੌਜੂਦਾ ਸਿੱਖ ਪੋਜ਼ੀਸ਼ਨ ਤੇ ਸਿੱਖ ਹਿੰਦੂ ਖਿਚਾਓ ਤੇ ਮੋਰਚਿਆਂ ਦਾ ਜ਼ਿਕਰ ਕੀਤਾ ਹੈ। ਇਸ ਪੁਸਤਕ ਦਾ ਇਕ ਇਕ ਫਿਕਰਾ ਕੱਟੜ ਹਿੰਦੂ ਤੁਅੱਸਬ ਦੇ ਜ਼ਹਰ ਨਾਲ ਭਰਿਆ ਗਿਆ ਹੈ। ਵਿਸਥਾਰ ਨਾਲ ਖੋਜ ਕੇ ਹਰ ਗੱਲ ਦਾ ਜਵਾਬ ਲਿਖਣ ਨਾਲ ਤਾਂ ਇਹ ਪੁਸਤਕ ਬਹੁਤ ਵੱਡੀ ਹੋ ਜਾਂਦੀ ਹੈ। ਇਸ ਵਾਸਤੇ ਮੈਂ ਕੇਵਲ ਉਨ੍ਹਾਂ ਗਲਤ ਬਿਆਨੀਆਂ, ਝੂਠ, ਮਨਘੜਤ ਕਹਾਣੀਆਂ ਦਾ ਹੀ ਜ਼ਿਕਰ ਕਰਾਂਗਾ ਜੋ ਵਿਚ ਲਿਆਂਦੇ ਗਏ ਹਨ। ਮੈਂ ਹੈਰਾਨ ਹਾਂ ਕਿ ਡਾਕਟਰ ਸਾਹਿਬ ਵਰਗਾ ਸਿਆਣਾ ਆਦਮੀ ਕਿਸ ਤਰ੍ਹਾਂ ਤੁਅੱਸਬ ਦੇ ਹੇਠਾਂ ਆ ਕੇ ਸਚਾਈ ਵੱਲੋਂ ਅੰਨ੍ਹਾ ਹੋ ਜਾਂਦਾ ਹੈ। ਮੈਨੂੰ ਤਾਂ ਸ਼ੱਕ ਹੈ ਕਿ ਇਤਨੇ ਮਨਘੜਤ ਝੂਠ ਡਾਕਟਰ ਸਾਹਿਬ ਨੇ ਆਪ ਨਹੀਂ ਘੜੇ। ਹੋਰਾਂ ਨੇ ਘੜੇ ਹਨ ਤੇ ਡਾਕਟਰ ਸਾਹਿਬ ਦੇ ਤੁਅੱਸਬ ਨੂੰ ਪਸੰਦ ਆਏ ਹਨ ਤੇ ਉਨ੍ਹਾਂ ਪਤਾ ਕਰਨ ਦੀ ਲੋੜ ਹੀ ਨਹੀਂ ਸਮਝੀ ਤੇ ਲਿਖ ਮਾਰੇ ਹਨ। ਸੱਚ ਪੁੱਛੋ ਤਾਂ ਕੋਈ ਜ਼ਿੰਮੇਵਾਰ ਇਤਿਹਾਸਕਾਰ ਇਸ ਤਰ੍ਹਾਂ ਆਪਣੀ ਪਿਛਲੀ ਲਿਖੀ ਪੁਸਤਕ ਦਾ ਜਾਣਬੁਝ ਕੇ ਨਾਸ਼ ਨਹੀਂ ਕਰਦਾ। ਇਹ ਨਵੇਂ ਵਧਾਏ ਹੋਏ ਲੇਖ ਸਿਰਫ਼ ਕੱਟੜ ਹਿੰਦੂ ਫਿਰਕਾਪ੍ਰਸਤੀ ਪ੍ਰਚਾਰ ਹੀ ਹਨ। ਬੇਸ਼ਕ ਡਾਕਟਰ ਸਾਹਿਬ ਨੂੰ ਹੱਕ ਹੈ ਕਿ ਓਹ ਆਪਣੀਆਂ ਦਲੀਲਾਂ ਨਾਲ ਆਪਣੇ ਪੱਖ ਨੂੰ ਸਿੱਧ ਕਰਨ ਦਾ ਜਤਨ ਕਰਨ। ਪਰ ਉਨ੍ਹਾਂ ਨੂੰ ਇਹ ਹੱਕ ਨਹੀਂ ਹੈ ਕਿ ਹਿੰਦੂਆਂ ਦੀ ਤਾਰੀਫ਼ ਜਾਂ ਪੱਖ ਵਿਚ ਤੇ ਸਿੱਖਦੇ ਵਿਰੁੱਧ ਝੂਠੀਆਂ ਘੜੀਆਂ ਹੋਈਆਂ ਕਹਾਣੀਆਂ ਲਿਖਣ। ਇਸ ਝੂਠ ਤੇ ਤੁਅੱਸਬ ਦੇ ਪਲੰਦੇ ਵਿੱਚੋਂ ਮੈਂ ਕੁਝ ਉਤੇ ਉਸੇ ਤਰਤੀਬ ਵਿਚ ਨੋਟ ਲਿਖਦਾ ਹਾਂ ਜਿਸ ਵਿਚ ਇਸ ਪੁਸਤਕ ਵਿਚ ਲਿਖੇ ਗਏ ਹਨ:-

1. ਇਸ ਲੇਖ ਵਿਚ ਲਿਖਿਆ ਹੈ ਕਿ 2 ਮਾਰਚ, 1947 ਈ. ਨੂੰ “ਮਾਸਟਰ ਤਾਰਾ ਸਿੰਘ ਆਪਣੇ ਸਾਥੀਆਂ ਦਾ ਜਥਾ ਲੈ ਕੇ ਅਸੈਂਬਲੀ ਹਾਲ ਨੂੰ ਗਿਆ ਤੇ ਕਿਰਪਾਨ ਖਿੱਚ ਕੇ ਕਹਿਣ ਲੱਗਾ ਕਿ ਉਹ ਮੁਸਲਿਮ ਲੀਗ ਦਾ ਕੰਮ ਨਹੀਂ ਚੱਲਣ ਦੇਵੇਗਾ।” ਇਹ ਗੱਲ ਬਿਲਕੁਲ ਗਲਤ ਹੈ। ਨਾ ਮੈਂ ਜਥਾ ਲੈ ਕੇ ਗਿਆਤੇ ਨਾ ਮੈਂ ਕਿਰਪਾਨ ਹੀ ਨੰਗੀ ਕੀਤੀ ਹੈ। ਹਾਂ ਅਸੈਂਬਲੀ ’ਚ ਅਕਾਲੀ ਮੈਂਬਰਾਂ ਦੀ ਅਗਵਾਈ ਕਰਕੇ ਮੈਂ, “ਪਾਕਿਸਤਾਨ ਮੁਰਦਾਬਾਦ ਦੇ ਨਾਹਰੇ ਮੁਸਲਮ ਹਜੂਮ ਦੇ ਸਾਹਮਣੇ ਜ਼ਰੂਰ ਲਾਏ ਸਨ।” ਡਾਕਟਰ ਸਾਹਿਬ ਦੀ ਇਹ ਭੁਲ ਕੋਈ ਵਜ਼ਨਦਾਰ ਨਹੀਂ ਹੈ ਕਿਉਂਕਿ ਮੇਰੇ ਕਿਰਪਾਨ ਕੱਢਕੇ ਮੁਸਲਮ ਲੀਗ ਦਾ ਝੰਡਾ ਪਾੜ ਸੁੱਟਣ ਦੀ ਗ਼ਲਤ ਗੱਲ ਉਸ ਵੇਲੇ ਪ੍ਰੈੱਸ ਵਿਚ ਬਹੁਤ ਲਿਖੀ ਗਈ ਸੀ ਤੇ ਹੁਣ ਤ ਕਲੋਕ ਇਸ ਗ਼ਲਤ ਗੱਲ ਨੂੰ ਠੀਕ ਸਮਝੀ ਬੈਠੇ ਹਨ। ਮੈਂ ਇਸਦੀ ਤਰਦੀਦ (ਖੰਡਨ) ਤਾਂ ਕੇਵਲ ਇਸ ਲਈ ਕਰ ਰਿਹਾ ਹਾਂ ਕਿ ਇਹ ਮੇਰੀ ਜਾਤ ਨਾਲ ਸੰਬੰਧ ਰੱਖਦੀ ਹੈ ਤੇ ਡਾਕਟਰ ਸਾਹਿਬ ਦੀ ਲਾਪ੍ਰਵਾਹੀ ਪ੍ਰਗਟ ਕਰਦੀ ਹੈ।

2. ਡਾਕਟਰ ਸਾਹਿਬ ਲਿਖਦੇ ਹਨ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਹੁਤ ਸਾਰੇ ਸਿੱਖ ਬਾਹਰ ਗਏ ਹੋਏ ਸਨ ਤੇਮੁ ਸਲਮਾਨਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਜਤਨ ਕੀਤਾ, ਉਸ ਵੇਲੇ ਰਾਸ਼ਟਰੀ ਆਸਵੇਯਮ ਸੰਘ (ਆਰ.ਐੱਸ.ਐੱਸ.) ਦੇ ਮੁੰਡਿਆਂ ਨੇ ਦਰਬਾਰ ਸਾਹਿਬ ਨੂੰ ਬੇਇੱਜ਼ਤੀ ਤੇ ਤਬਾਹੀ ਤੋਂ ਬਚਾਇਆ। ਇਹ ਨਿਰੋਲਮਨ ਘੜਤ ਝੂਠ ਹੈ। ਨਾ ਅੰਮ੍ਰਿਤਸਰ ਸ਼ਹਿਰ ਦੇ ਸਿੱਖ ਬਹੁਤ ਸਾਰੇ ਕਦੀ ਬਾਹਰ ਗਏ, ਨਾ ਮੁਸਲਮਾਨਾਂ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਤੇ ਨਾ ਸੰਘਦੇ ਮੁੰਡਿਆਂ ਨੇ ਬਚਾਇਆ। ਇਹ ਨਿਰੋਲ ਮਨਘੜਤ ਝੂਠੀ ਕਹਾਣੀ ਕੇਵਲ ਸੰਘ ਦੇ ਮੰਡਿਆਂ ਦੀ ਤਾਰੀਫ਼ ਦੇ ਵਿਚ ਘੜੀ ਗਈ ਹੈ। ਇਹ ਕਹਾਣੀ ਅੱਜ ਤਕ ਨਾ ਮੈਂ ਕਿਧਰੇ ਪੜ੍ਹੀ ਤੇ ਨਾ ਸੁਣੀ। ਇਹ ਠੀਕ ਹੈ ਕਿ ਅੰਮ੍ਰਿਤਸਰ ਸ਼ਹਿਰ ਵਿਚ ਪੁਲਸ ਮੁਸਲਮਾਨਾਂ ਤੇ ਉਨ੍ਹਾਂ ਦੀ ਮਦਦ ਨਾਲ ਮੁਸਲਮਾਨਾਂ ਦਾ ਕਾਫੀ ਜ਼ੋਰ ਪੈ ਗਿਆ ਸੀ। ਇਹ ਜ਼ੋਰ ਉਸ ਵੇਲੇ ਟੁੱਟਾ ਜਦ ਅਕਾਲੀਆਂ ਨੇ ਪੁਲ ਸਦਾ ਥਾਂ-ਥਾਂ ਮੁਕਾਬਲਾ ਕਰਕੇ ਉਨ੍ਹਾਂ ਨੂੰ ਘਬਰਾ ਦਿੱਤਾ ਤੇ ਜਦ ਪਿੰਡਾਂ (’ਚ) ਸੈਂਕੜੇ ਮਾਰੇ ਗਏ ਮੁਸਲਮਾਨਾਂ ਦੀਆਂ ਲਾਸ਼ਾਂ ਸ਼ਹਿਰ ਵਿਚ ਆਉਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਲਾਸ਼ਾਂ ਨੂੰ ਵੇਖ ਵੇਖ ਕੇ ਮੁਸਲਮਾਨ ਘਬਰਾਏ ਸਨ। ਦਰਬਾਰ ਸਾਹਿਬ ਨੂੰ ਤਾਂ ਕਦੀ ਖਤਰਾ ਪਿਆ ਹੀ ਨਹੀਂ ਸੀ। ਹਾਂ, ਇਹ ਤਿਆਤ ਦੇ ਤੌਰ ’ਤੇ ਦਰਬਾਰ ਸਾਹਿਬ ਅਜਿਹਾ ਪ੍ਰਬੰਧ ਜ਼ਰੂਰ ਕੀਤਾ ਹੋਇਆ ਸੀ ਕਿ ਜੇ ਮੁਸਲਮਾਨ ਆਉਂਦੇ ਤਾਂ ਉਨ੍ਹਾਂ ਦਾ ਬਹੁਤ ਬੁਰਾ ਹਾਲ ਹੁੰਦਾ।

ਉਸ ਵੇਲੇ ਹਿੰਦੂ ਤੇ ਸਿੱਖ ਇਕ ਜਾਨ ਹੋ ਕੇ ਲੜ ਰਹੇ ਸਨ। ਇਸ ਕਰਕੇ ਮੈਂ ਇਹੋ ਜੇਹੀ (ਲਿਖਤ) ਸੰਬੰਧੀ ਵਧੇਰੇ ਕੁਝ ਨਹੀਂ ਲਿਖਣਾ ਚਾਹੁੰਦਾ। ਇਤਨਾ ਹੀ ਕਹਿੰਦਾ ਹਾਂ ਕਿ ਉਸ ਸਮੇਂ ਸਭ ਹਿੰਦੂਆਂ ਸਣੇ ਸੰਘੀਆਂ ਨੇ “ਸਤਿ ਸ੍ਰੀ ਅਕਾਲ” ਦੇ ਨਾਹਰੇ ਨੂੰ ਹੀ ਅਪਣਾ ਅਲਿਆਸੀ, ਤਾਂ ਕਿ ਹਮਲਾ ਕਰਨ ਵਾਲੇ ਮੁਸਲਮਾਨ ਇਹ ਸਮਝਣ ਕਿ ਜਿੱਥੇ ਹਮਲਾ ਹੋ ਰਿਹਾ ਹੈ ਉਥੇ ਸਿੱਖ ਹਨ ਨਾ ਕਿ ਹਿੰਦੂ।

3. ਡਾਕਟਰ ਗੋਕੁਲ ਚੰਦ ਜੀ ਪੱਛਮੀ ਪੰਜਾਬ ਦੇ ਹਿੰਦੂ ਸਿੱਖਾਂ ਦੇ ਕਤਲ-ਏ-ਆਮ ਦਾ ਜਿਕਰ ਤਾਂ ਖੁਲ੍ਹਕੇ ਕਰਦੇ ਹਨ ਤੇ ਮੁਸਲਮਾਨਾਂ ਦੇ ਇਸ ਪਾਸੇ ਦੇ ਕਤਲ-ਏ-ਆਮ ਨੂੰ ਦੋ ਫਿਕਰਿਆਂ ਵਿਹਹੀ ਲਾਂਭੇ ਕਰ ਸੁਟਦੇ ਹਨ। ਇਤਿਹਾਸਕਾਰ ਨੂੰ ਇਹ ਤੁਅੱਸਬ ਨਹੀਂ ਚਾਹੀਦਾ। ਇਹ ਠੀਕ ਹੈ ਕਿ ਇਸ ਤਰ੍ਹਾਂ ਕਤਲ-ਏ-ਆਮ ਦੀ ਪਹਿਲ ਪੱਛਮੀ ਪੰਜਾਬ ਵਿਚ ਮੁਸਲਮਾਨਾਂ ਨੇ ਹੀ ਕੀਤੀ ਸੀ। ਪਰ ਮਗਰੋਂ ਪੂਰਬੀ ਪੰਜਾਬ ਤੇ ਦਿੱਲੀ ਤੇ ਪੱਛਮੀ ਯੂ.ਪੀ. ਵਿਚ ਮੁਸਲਮਾਨਾਂ ਦਾ ਕਤਲ-ਏ-ਆਮ ਬਹੁਤ ਹੋਇਆ ਸੀ। ਠੀਕ ਅੰਦਾਜ਼ਾ ਲਾਣਾ ਤਾਂ ਔਖਾ ਹੈ ਪਰ ਮਾਰੇ ਗਏ ਮੁਸਲਮਾਨਾਂ ਦੀ ਗਿਣਤੀ ਮਾਰੇ ਗਏ ਸਿੱਖ ਹਿੰਦੂਆਂ ਦੀ ਗਿਣਤੀ ਨਾਲੋਂ ਜੇ ਤਿਗਨੀ ਨਹੀਂ ਤਾਂ ਦੁਗਨੀ ਜ਼ਰੂਰ ਸੀ।

ਗਿਆਨੀ ਪ੍ਰਤਾਪ ਸਿੰਘ, ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਆਪਣੀ ਪੁਸਤਕ ‘ਪਾਕਿਸਤਾਨੀ ਘੱਲੂਘਾਰਾ’ (ਪੰਨਾ 138 ਤੋਂ 142) ਵਿਚ 4 ਤੋਂ 7 ਮਾਰਚ ਦਰਮਿਆਨ ਸ੍ਰੀ ਅੰਮ੍ਰਿਤਸਰ ਵਿਚ ਵਾਪਰੀਆਂ ਘਟਨਾਵਾਂ ਅਤੇ ਤਲਖ ਮਹੌਲ ਬਾਰੇ ਬਹੁਤ ਹੀ ਜ਼ਰੂਰੀ ਜਾਣਕਾਰੀ ਦਰਜ ਕੀਤੀ ਹੈ। ਉਹ ਲਿਖਦੇ ਹਨ ਕਿ ਲਾਹੌਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਿੰਦੂ ਸਿੱਖ ਵਿਦਿਆਰਥੀਆਂ ਉੱਤੇ ਗੋਲੀ ਚੱਲਣ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ 4 ਮਾਰਚ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੜਾ ਭਾਰੀ ਦੀਵਾਨ ਹੋਇਆ, ਜਿਸ ਵਿਚ ਹਜ਼ਾਰਾਂ ਸਿੱਖ-ਹਿੰਦੂ ਸ਼ਾਮਲ ਹੋਏ। ਜਥੇਦਾਰ ਊਧਮ ਸਿੰਘ ਨਾਗੋਕੇ (ਐੱਮ.ਐੱਲ.ਏ.) ਜੋ ਕਿ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਨੇ ਅਪੀਲ ਕੀਤੀ ਕਿ ਰੋਸ ਵਜੋਂ 5 ਮਾਰਚ ਨੂੰ ਸ਼ਹਿਰ ਵਿਚ ਸ਼ਾਂਤਮਈ ਰਹਿੰਦਿਆਂ ਮੁਕੰਮਲ ਹੜਤਾਲ ਕੀਤੀ ਜਾਵੇ। ਇਸ ਅਨੁਸਾਰ 5 ਮਾਰਚ ਦਿਨ ਬੁੱਧਵਾਰ ਨੂੰ ਹੜਤਾਲ ਹੋਈ, ਗੁਰਦੁਆਰਾ ਮੰਜੀ ਸਾਹਿਬ ਫਿਰ ਦੀਵਾਨ ਕਰਨ ਦਾ ਐਲਾਨ ਕੀਤਾ ਗਿਆ ਸੀ। ਭਾਈ ਮੰਗਲ ਸਿੰਘ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਕਮੇਟੀ ਇੱਕ ਟਾਂਗੇ ਵਿਚ ਬੈਠਾ ਇਸਦੀ ਵਾਨ ਦਾ ਢੰਡੋਰਾ ਦੇ ਰਿਹਾ ਸੀ, ਕਿ ਚੌਂਕ ਮੋਨੀ ਵਿਚ ਮੁਸਲਮਾਨਾਂ ਨੇ ਇੱਟਾਂ ਮਾਰ ਕੇ ਉਨ੍ਹਾਂ ਨੂੰ ਮਾਰਦਿੱਤਾ। ਇਸ ਨਾਲ ਸਾਰੇ ਅੰਮ੍ਰਿਤਸਰ ਵਿਚ ਬੇਚੈਨੀ ਫੈਲ ਗਈ ਅਤੇ ਗੜਬੜ ਸ਼ੁਰੂ ਹੋ ਗਈ। ਹੋਲਾ ਮਹੱਲਾ ਹੋਣ ਕਰਕੇ ਬਹੁਤ ਸਾਰੀ ਸੰਗਤ ਤੇ ਸਿੱਖ ਆਗੂ ਸ੍ਰੀ ਅਨੰਦਪੁਰ ਸਾਹਿਬ ਗਏ ਹੋਏ ਸਨ। ਅੰਮ੍ਰਿਤਸਰ ਵਿਚ ਸਰਦਾਰ ਸੋਹਣ ਸਿੰਘ ਜਲਾਲਉਸਮਾਂ, ਸਰਦਾਰ ਈਸ਼ਰ ਸਿੰਘ ਮਝੈਲ ਮੌਜੂਦ ਸਨ ਅਤੇ ਜਥੇਦਾਰ ਊਧਮ ਸਿੰਘ ਨਾਗੋਕੇ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਆਏ। ਸ਼ਹਿਰ ਵਿਚ ਮੁਸਲਿਮ ਲੀਗੀਆਂ ਨਾਲ ਹਿੰਦੂ ਅਤੇ ਸਿੱਖਾਂ ਦੀਆਂ ਕਈ ਝੜਪਾਂ ਹੋਈਆਂ ਜਿਸ ਵਿਚ ਦੋਵਾਂ ਪਾਸਿਆਂ ਦੇ ਕਈ ਲੋਕ ਮਾਰੇ ਗਏ। ਹਿੰਦੂ ਸਿੱਖ ਮੁਸਲਮਾਨੀ ਮੁਹੱਲਿਆਂ ਵਿੱਚੋਂ ਨਿਕਲ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਚ ਇਕੱਠੇ ਹੋ ਰਹੇ ਸਨ, ਕਿਉਂਕਿ ਸ਼ਹਿਰ ਵਿਚ ਸਖ਼ਤ ਗੜਬੜ ਸੀ। ਗੁਰੂ ਦੀ ਨਗਰੀ ਅਤੇ ਸ੍ਰੀ ਦਰਬਾਰ ਸਾਹਿਬ ਤੇ ਆਲੇ-ਦੁਆਲੇ ਦੀ ਸੁਰੱਖਿਆ ਲਈ ਜਥੇਦਾਰ ਸੋਹਣ ਸਿੰਘ ਜਲਾਲ ਉਸਮਾਂ ਨੇ ਬਹੁਤ ਸਾਰੀਆਂ ਲਾਰੀਆਂ ਪਿੰਡਾਂ ਵਿੱਚੋਂ ਸਿੰਘਾਂ ਨੂੰ ਲਿਆਉਣ ਲਈ ਇਲਾਕਾ ਤਰਨ ਤਾਰਨ ਅਤੇ ਥਾਣਾ ਬਿਆਸ ਵੱਲ ਭੇਜੀਆਂ, ਸਿੰਘਾਂ ਨੂੰ ਸੰਦੇਸ਼ ਇਹ ਭੇਜਿਆ, “ਗੁਰੂ ਦੀ ਨਗਰੀ ਸਖ਼ਤ ਖ਼ਤਰੇ ਵਿਚ ਹੈ। ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਛੇਤੀ ਪੁੱਜੋ।” ਇਸ ਅਨੁਸਾਰ 6 ਮਾਰਚ ਸ਼ਾਮ ਨੂੰ ਚਾਰ-ਪੰਜ ਹਜ਼ਾਰ ਸਿੰਘ ਸ੍ਰੀ ਅੰਮ੍ਰਿਤਸਰ ਪੁੱਜ ਗਿਆ। 7 ਮਾਰਚ ਨੂੰ ਸਵੇਰੇ ਪਿੰਡਾਂ ਵਿੱਚੋਂ ਆਏ ਸਿੰਘਾਂ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹਮਲਾਵਰਾਂ ਨੂੰ ਰੋਕਣ ਦਾ ਜਤਨ ਕੀਤਾ, ਉਨ੍ਹਾਂ ਦੇ ਦੰਦ ਖੱਟੇ ਕੀਤੇ। ਗਿਆਨੀ ਪ੍ਰਤਾਪ ਸਿੰਘ ਨੇ ਉਸ ਸਮੇਂ ਦਾ ਹਾਲ ਬਾਖੂਬੀ ਦਰਸਾਇਆ ਹੈ ਪਰ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਮੁਸਲਿਮਲੀਗ ਦੇ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਾਂ ਨੇੜ੍ਹੇ ਵੀ ਪਹੁੰਚੇ ਹੋਣ। ਜੇਕਰ ਅਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਉਨ੍ਹਾਂ ਜ਼ਰੂਰ ਜ਼ਿਕਰ ਕਰਨਾ ਸੀ, ਕਿਉਂਕਿ ਇਹ ਇੱਕ ਅਹਿਮ ਘਟਨਾ ਹੁੰਦੀ ਜਿਸ ਨੂੰ ਸਿੱਖਾਂ ਨੇ ਇਤਿਹਾਸ ਦਾ ਹਿੱਸਾ ਜ਼ਰੂਰ ਬਣਾਉਣਾ ਸੀ।

ਗਿਆਨੀ ਸੋਹਣ ਸਿੰਘ ਸੀਤਲ ਆਪਣੀ ਪੁਸਤਕ ਪੰਜਾਬ ਦਾ ਉਜਾੜਾ (ਪੰਨਾ 38 ਤੋਂ 44) ਵਿਚ ਅੰਮ੍ਰਿਤਸਰ ਨਾਲ ਸੰਬੰਧਤ 5 ਮਾਰਚ ਦੀਆਂ ਘਟਨਾਵਾਂ ਬਾਰੇ ਲਿਖਦੇ ਹਨ ਕਿ ਇਸ ਦਿਨ ਸਿੱਖਾਂ ਹਿੰਦੂਆਂ ਦਾ ਨੁਕਸਾਨ ਤਾਂ ਵਧੇਰੇ ਹੋਇਆ ਕਿਉਂ ਕਿਉ ਨ੍ਹਾਂ ਉੱਤੇ ਬੇਖ਼ਬਰੀ ਵਿਚਹਮਲਾ ਹੋਇਆ ਸੀ, ਪਰ ਲੀਗੀਆਂ ਨੂੰ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਤਕ ਨਹੀਂ ਪਹੁੰਚਣ ਦਿੱਤਾ। ਉਨ੍ਹਾਂ 5 ਮਾਰਚ ਨੂੰ ਅੰਮ੍ਰਿਤਸਰ ਵਿਚ 70 ਦੇ ਲਗਪਗ ਮੌਤਾਂ ਹੋਈਆਂ ਲਿਖੀਆਂ ਹਨ। ਉਨ੍ਹਾਂ ਅਨੁਸਾਰ ਅਗਲੇ ਦਿਨ 6 ਮਾਰਚ ਨੂੰ ਦੋ ਵਜੇ ਦੁਪਹਿਰ ਤਕ ਸ੍ਰੀ ਅੰਮ੍ਰਿਤਸਰ ਅੰਦਰ ਮੁਸਲਿਮ ਲੀਗ ਦੇ ਲੋਕ ਅੱਗੇ ਵੱਧਦੇ ਰਹੇ, ਲੇਕਿਨ ਬਾਅਦ ਦੁਪਹਿਰ ਪਿੰਡਾਂ ਤੋਂ ਬਹੁਤ ਸਾਰੇ ਸਿੰਘ ‘ਮਰਉ ਤ ਹਰਿ ਕੈ ਦੁਆਰ’ ਦੇ ਪੁਜਾਰੀ ਅੰਮ੍ਰਿਤਸਰ ਪਹੁੰਚ ਚੁੱਕੇ ਸਨ। ਜਥੇਦਾਰ ਊਧਮ ਸਿੰਘ ਨਾਗੋਕੇ, ਮਾਸਟਰ ਤਾਰਾ ਸਿੰਘ, ਸ. ਸੋਹਣ ਸਿੰਘ ਜਲਾਲਉਸਮਾਂ ਤੇ ਸ. ਈਸ਼ਰ ਸਿੰਘ ਮਝੈਲ ਤੇ ਹੋਰ ਸਿੱਖ ਆਗੂਆਂ ਨੇ ਮੂਹਰੇ ਹੋ ਕੇ ਮੁਸਲਿਮ ਲੀਗੀਆਂ ਦਾ ਟਾਕਰਾ ਕੀਤਾ ਪਰ ਕਿਸੇ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਨਹੀਂ ਪਹੁੰਚਣ ਦਿੱਤਾ। ਸਭ ਤੋਂ ਵੱਡੀ ਟੱਕਰ ਫੁਹਾਰੇ ਵਾਲੇ ਚੌਕ ਵਿਚ ਹੋਈ। ਲੀਗੀਆਂ ਉੱਤੇ ਤਿੰਨ ਪਾਸਿਓਂ ਹਮਲਾ ਹੋਇਆ ਸੀ। ਇੱਕ ਪਾਸਿਓਂ ਜਥੇਦਾਰ ਊਧਮ ਸਿੰਘ ਨਾਗੋਕੇ ਜੀ ਆਪ ਗੋਲੀਆਂ ਚਲਾ ਰਹੇ ਸਨ, ਦੂਜੇ ਪਾਸਿਓਂ ਕੁਝ ਹੋਰ ਸਿੱਖ ਗੱਭਰੂਆਂ ਨੇ ਹਮਲਾ ਕੀਤਾ ਤੇ ਤੀਜੇ ਪਾਸਿਓਂ ਬਿਜਲੀ ਪਹਿਲਵਾਨ ਹਿੰਦੂ ਗੱਭਰੂਆਂ ਨੂੰ ਨਾਲ ਲੈਕੇ ਰਾਹਰੋ ਕੀ ਖੜਾ ਸੀ। ਜਿੰਨਾ ਪਿਆਰ ਤੇ ਇਤਫ਼ਾਕ ਹਿੰਦੂ ਸਿੱਖਾਂ ਵਿੱਚ ਓਸ ਵੇਲੇ ਸੀ, ਗੁਰੂ ਕਰੇ ਸਦਾ ਰਹੇ। ਚੌਥੀ ਬਾਹੀ ਖਾਲੀ ਸੀ ਜਿੱਥੇ ਪਿਛਲੇ ਪਾਸੇ ਮੁਸਲਿਮ ਪੁਲਿਸ ਲੀਗੀਆਂ ਦੀ ਮਦਦ ਲਈ ਖੜੀ ਸੀ। ਇੱਥੇ ਲੀਗੀਏ ਸਿੱਖਾਂ ਤੇ ਹਿੰਦੂਆਂ ਦੇ ਜੋਸ਼ ਅੱਗੇ ਟਿਕ ਨਾ ਸਕੇ ਤੇ ਨੱਸ ਉੱਠੇ। ਅਗਲੇ ਦਿਨ 7 ਮਾਰਚ ਨੂੰ ਦੋ ਵਜੇ 24 ਘੰਟੇ ਲਈ ਕਰਫਿਊ ਲਗਾ ਦਿੱਤਾ ਗਿਆ ਅਤੇ ਬਾਹਰ ਨਜ਼ਰ ਆਉਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਂਦੀ। ਗਿਆਨੀ ਸੋਹਣ ਸਿੰਘ ਸੀਤਲ ਅਨੁਸਾਰ ਇਸ ਪਿੱਚੋਂ 10 ਦਿਨ ਵਾਸਤੇ ਅੱਠ ਵਜੇ ਸ਼ਾਮ ਤੋਂ ਲੈ ਕੇ ਸੱਤ ਵਜੇ ਸਵੇਰ ਤਕ ਕਰਫਿਊ ਲਗਾ ਦਿੱਤਾ ਗਿਆ। ਇਨ੍ਹਾਂ ਦੀ ਲਿਖਤ ਤੋਂ ਸਿੱਧ ਹੁੰਦਾ ਹੈ ਕਿ 9 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਕੋਈ ਘਟਨਾ ਨਹੀਂ ਵਾਪਰੀ, ਕਿਉਂਕਿ ਉਸ ਸਮੇਂ ਸ਼ਹਿਰ ਅੰਦਰ ਕਰਫਿਊ ਲੱਗੇ ਨੂੰ ਦੋ ਦਿਨ ਹੋ ਚੁੱਕੇ ਸੀ ਅਤੇ 6 ਮਾਰਚ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਮੌਜੂਦ ਸਨ।

ਚਲਦਾ…

ਜਸਕਰਨ ਸਿੰਘ, ਲੇਖਕ, ਸੂਚਨਾ ਤਕਨਾਲੋਜੀ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।