ਆਸਾ ਮਹਲਾ ੧ ॥
ਸਭਿ ਜਪ ਸਭਿ ਤਪ ਸਭ ਚਤੁਰਾਈ ॥ ਊਝੜਿ ਭਰਮੈ ਰਾਹਿ ਨ ਪਾਈ ॥ ਬਿਨੁ ਬੂਝੇ ਕੋ ਥਾਇ ਨ ਪਾਈ ॥ ਨਾਮ ਬਿਹੂਣੈ ਮਾਥੇ ਛਾਈ ॥੧॥ ਸਾਚ ਧਣੀ ਜਗੁ ਆਇ ਬਿਨਾਸਾ ॥ ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥ ਜਗੁ ਮੋਹਿ ਬਾਧਾ ਬਹੁਤੀ ਆਸਾ ॥ ਗੁਰਮਤੀ ਇਕਿ ਭਏ ਉਦਾਸਾ ॥ ਅੰਤਰਿ ਨਾਮੁ ਕਮਲੁ ਪਰਗਾਸਾ ॥ ਤਿਨ@ ਕਉ ਨਾਹੀ ਜਮ ਕੀ ਤ੍ਰਾਸਾ ॥੨॥ ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥ ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥ ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥ ਸਤਿਗੁਰੁ ਸੇਵੇ ਕਰਣੀ ਸਾਰੀ ॥੩॥ ਬਾਹਰਹੁ ਹਉਮੈ ਕਹੈ ਕਹਾਏ ॥ ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥ ਮਾਇਆ ਮੋਹੁ ਗੁਰ ਸਬਦਿ ਜਲਾਏ ॥ ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥ ਧਾਵਤੁ ਰਾਖੈ ਠਾਕਿ ਰਹਾਏ ॥ ਸਿਖ ਸੰਗਤਿ ਕਰਮਿ ਮਿਲਾਏ ॥ ਗੁਰ ਬਿਨੁ ਭੂਲੋ ਆਵੈ ਜਾਏ ॥ ਨਦਰਿ ਕਰੇ ਸੰਜੋਗਿ ਮਿਲਾਏ ॥੫॥ ਰੂੜੋ ਕਹਉ ਨ ਕਹਿਆ ਜਾਈ ॥ ਅਕਥ ਕਥਉ ਨਹ ਕੀਮਤਿ ਪਾਈ ॥ ਸਭ ਦੁਖ ਤੇਰੇ ਸੂਖ ਰਜਾਈ ॥ ਸਭਿ ਦੁਖ ਮੇਟੇ ਸਾਚੈ ਨਾਈ ॥੬॥ ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥ ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥ ਅੰਤਰਿ ਸਾਚੁ ਸਭੇ ਸੁਖ ਨਾਲਾ ॥ ਨਦਰਿ ਕਰੇ ਰਾਖੈ ਰਖਵਾਲਾ ॥੭॥ ਤ੍ਰਿਭਵਣ ਸੂਝੈ ਆਪੁ ਗਵਾਵੈ ॥ ਬਾਣੀ ਬੂਝੈ ਸਚਿ ਸਮਾਵੈ ॥ ਸਬਦੁ ਵੀਚਾਰੇ ਏਕ ਲਿਵ ਤਾਰਾ ॥ ਨਾਨਕ ਧੰਨੁ ਸਵਾਰਣਹਾਰਾ ॥੮॥੨॥
ਬੁੱਧਵਾਰ, ੧੮ ਕੱਤਕ (ਸੰਮਤ ੫੪੮ ਨਾਨਕਸ਼ਾਹੀ) ੨ ਨਵੰਬਰ, ੨੦੧੬ (ਅੰਗ : ੪੧੨)
ਪੰਜਾਬੀ ਵਿਅਖਿਆ :
ਆਸਾ ਮਹਲਾ ੧ ॥
ਜੇਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ (ਸ਼ਾਸਤ੍ਰ ਆਦਿਕ ਸਮਝਣ ਬਾਰੇ) ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ, ਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ । ਉਹ ਗ਼ਲਤ ਰਸਤੇ ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ । ਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ ।੧। ਜਗਤ ਜੰਮਦਾ ਮਰਦਾ ਰਹਿੰਦਾ ਹੈ, (ਪਰ) ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ । ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਦਾਸ (ਭਗਤ) ਬਣ ਜਾਂਦਾ ਹੈ ਉਹ (ਜਨਮ ਮਰਨ ਦੇ ਗੇੜ ਤੋਂ) ਬਚ ਜਾਂਦਾ ਹੈ ।੧।ਰਹਾਉ। ਜਗਤ ਮਾਇਆ ਦੇ ਮੋਹ ਵਿਚ ਬੱਝਾ ਹੋਇਆ ਬਹੁਤੀਆਂ ਆਸਾਂ ਵਿਚ ਬੱਝਾ ਹੋਇਆ (ਜੰਮਦਾ ਮਰਦਾ ਰਹਿੰਦਾ) ਹੈ । ਪਰ ਕਈ (ਵਡ-ਭਾਗੀ ਮਨੁੱਖ) ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ-) ਕਮਲ ਖਿੜਿਆ ਰਹਿੰਦਾ ਹੈ । ਅਜੇਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ ।੨। (ਗੁਰੂ ਦੀ ਸਰਨ ਤੋਂ ਖੁੰਝ ਕੇ) ਜਗਤ ਕਾਮਾਤੁਰ ਹੋ ਰਿਹਾ ਹੈ, ਇਸਤ੍ਰੀ ਦੇ ਮੋਹ ਵਿਚ ਫਸਿਆ ਹੋਇਆ ਹੈ; ਪੁੱਤਰ ਵਹੁਟੀ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ । ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਂਦਾ ਹੈ ਤੇ ਮਨੁੱਖਾ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ । ਪਰ ਜੇਹੜਾ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਉਸ ਦਾ ਨਿੱਤ-ਕਰਮ ਸ੍ਰੇਸ਼ਟ ਹੋ ਜਾਂਦਾ ਹੈ ।੩। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ, ਉਹ ਅੰਤਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ, ਮਾਇਆ ਦਾ ਪ੍ਰਭਾਵ ਉਸ ਉਤੇ ਕਦੇ ਨਹੀਂ ਪੈਂਦਾ, ਉਂਞ ਦੁਨੀਆ ਦੀ ਕਿਰਤ ਕਾਰ ਕਰਦਾ ਉਹ ਵੇਖਣ ਨੂੰ ਆਪਾ ਜਤਾਂਦਾ ਹੈ ।੪। (ਗੁਰੂ ਦੇ ਜਿਸ) ਸਿੱਖ ਨੂੰ (ਪਰਮਾਤਮਾ ਆਪਣੀ) ਮੇਹਰ ਨਾਲ, ਸੰਗਤਿ ਵਿਚ ਮਿਲਾਂਦਾ ਹੈ, ਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ (ਮਾਇਆ ਦੇ ਮੋਹ ਵਲੋਂ) ਰੋਕ ਕੇ ਰੱਖਦਾ ਹੈ । ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਤੋਂ) ਖੁੰਝ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ । ਜਦੋਂ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਉਸ ਨੂੰ ਭੀ ਸੰਗਤਿ ਵਿਚ ਰਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।੫। (ਹੇ ਪ੍ਰਭੂ!) ਤੂੰ ਸੁੰਦਰ ਹੈਂ, ਪਰ ਜੇ ਮੈਂ ਦੱਸਣ ਦਾ ਜਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈਂ ਤਾਂ ਦੱਸਿਆ ਨਹੀਂ ਜਾ ਸਕਦਾ । ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਹੋ ਸਕਦੇ, ਜੇ ਮੈਂ ਬਿਆਨ ਕਰਨ ਦਾ ਜਤਨ ਕਰਾਂ, ਤਾਂ ਭੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ । (ਤੈਥੋਂ ਵਿਛੁੜਿਆਂ ਦੁੱਖ ਵਾਪਰਦੇ ਹਨ, ਪਰ) ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਦੁੱਖ ਸੁਖ ਬਣ ਜਾਂਦੇ ਹਨ । ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਸਾਰੇ ਹੀ ਦੁੱਖ ਮਿਟ ਜਾਂਦੇ ਹਨ ।੬। ਜੇ ਮਨੁੱਖ (ਗੁਰੂ ਦੇ) ਸ਼ਬਦ ਨੂੰ ਸਮਝ ਲਏ, ਤਾਂ ਉਹ ਆਪਣੇ ਅੰਦਰ ਸਦਾ-ਥਿਰ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ, ਉਸ ਦੇ ਅੰਦਰ ਅਜੇਹੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ, ਮਾਨੋ, ਬਿਨਾ ਹੱਥੀਂ ਵਜਾਏ ਵਾਜਾ ਵੱਜਦਾ ਹੈ ਤੇ ਬਿਨਾ ਪੈਰੀਂ ਨੱਚਿਆਂ ਤਾਲ ਪੂਰੀਦਾ ਹੈ । ਜਿਸ ਮਨੁੱਖ ਨੂੰ ਰੱਖਣਹਾਰ ਪ੍ਰਭੂ ਮੇਹਰ ਦੀ ਨਜ਼ਰ ਕਰ ਕੇ (ਮਾਇਆ ਦੇ ਮੋਹ ਤੋਂ) ਬਚਾਂਦਾ ਹੈ, ਉਸ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਆਪਣੇ ਅੰਤਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ ।੭। ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਦਾਸ ਬਣ ਕੇ) ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਪਰਮਾਤਮਾ ਤਿੰਨਾਂ ਭਵਨਾਂ ਵਿਚ ਵੱਸਦਾ ਦਿੱਸ ਪੈਂਦਾ ਹੈ । ਗੁਰੂ ਦੀ ਬਾਣੀ ਦੀ ਰਾਹੀਂ ਉਸ ਨੂੰ ਸਹੀ ਗਿਆਨ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ । ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਇਕ-ਰਸ ਸੁਰਤਿ ਪ੍ਰਭੂ ਵਿਚ ਜੋੜਦਾ ਹੈ । ਹੇ ਨਾਨਕ! ਉਸ ਮਨੁੱਖ ਦਾ ਮਨੁੱਖਾ ਜਨਮ ਮੁਬਾਰਿਕ ਹੈ ਉਹ ਹੋਰਨਾਂ ਦਾ ਜੀਵਨ ਭੀ ਸੋਹਣਾ ਬਣਾ ਦੇਂਦਾ ਹੈ ।੮।੨।
English Translation :
AASAA, FIRST MEHL:
All meditation, all austerities, and all clever tricks, lead one to wander in the wilderness, but he does not find the Path. Without understanding, he is not approved; without the Naam, the Name of the Lord, ashes are thrown upon one’s head. || 1 || True is the Master; the world comes and goes. The mortal is emancipated, as Gurmukh, as the Lord’s slave. || 1 || Pause || The world is bound by its attachments to the many desires. Through the Guru’s Teachings, some become free of desire. Within them is the Naam, and their heart lotus blossoms forth. They have no fear of death. || 2 || The men of the world are conquered by woman; they love the ladies. Attached to children and wife, they forget the Naam. They waste this human life in vain, and lose the game in the gamble. Serving the True Guru is the best occupation. || 3 || One who speaks egotistically in public, never attains liberation within. One who burns away his attachment to Maya, by the Word of the Guru’s Shabad, meditates forever within his heart on the Immaculate Naam. || 4 || He restrains his wandering mind, and keeps it under control. The company of such a Sikh is obtained only by Grace. Without the Guru, he goes astray and continues coming and going. Bestowing His Mercy, the Lord unites him in Union. || 5 || I cannot describe the Beauteous Lord. I speak the unspoken; I cannot estimate His value. All pain and pleasure come by Your Will. All pain is eradicated by the True Name. || 6 || He plays the instrument without hands, and dances without feet. But if he understands the Word of the Shabad, then he shall behold the True Lord. With the True Lord within the self, all happiness comes. Showering His Mercy, the Preserving Lord preserves him. || 7 || He understands the three worlds; he eliminates his self-conceit. He understands the Bani of the Word, and he is absorbed into the True Lord. Contemplating the Shabad, he enshrines love for the One Lord. O Nanak, blessed is the Lord, the Embellisher. || 8 || 2 ||
Wednesday, 18th Katak (Samvat 548 Nanakshahi) 2nd November, 2016 (Page: 412)