** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **
ਵਿਦਿਆ ਦਾ ਮੰਤਵ ਨਿੱਗਰ ਸਮਾਜ ਦੀ ਸਥਾਪਨਾ ਲਈ ਮਨੁੱਖ ਦਾ ਸਰਵਪੱਖੀ ਵਿਕਾਸ ਕਰਨਾ- ਐਡਵੋਕੇਟ ਧਾਮੀ
ਅੰਮ੍ਰਿਤਸਰ, 29 ਅਪ੍ਰੈਲ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਇਥੇ ਚੱਲ ਰਹੇ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਆਯੋਜਤ ਕੀਤੇ ਡਿਗਰੀ ਵੰਡ ਸਮਾਰੋਹ ਦੌਰਾਨ 300 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਜੀਵਨ ਦੇ ਅਗਲੇ ਪੜਾਵਾਂ ਦੌਰਾਨ ਸਮਾਜ ਦੀ ਬੇਹਤਰੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਿਦਿਆ ਦਾ ਮੰਤਵ ਕੇਵਲ ਅਕਾਦਮਿਕ ਪ੍ਰਾਪਤੀਆਂ ਹੀ ਨਹੀਂ ਹਨ, ਸਗੋਂ ਇਹ ਨਿੱਗਰ ਸਮਾਜ ਦੀ ਸਥਾਪਨਾ ਲਈ ਮਨੁੱਖ ਦੇ ਸਰਵਪੱਖੀ ਵਿਕਾਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ‘’ਚ ਮਿਲਦੀਆਂ ਜੀਵਨ ਸੇਧਾਂ ਮਨੁੱਖੀ ਜੀਵਨ ਲਈ ਬੇਹੱਦ ਮਹੱਤਵਪੂਰਨ ਹੁੰਦੀਆਂ ਹਨ, ਜੋ ਸਾਰੀ ਜ਼ਿੰਦਗੀ ਮਨੁੱਖ ਦੇ ਨਾਲ ਰਹਿੰਦੀਆਂ ਹਨ। ਉਨ੍ਹਾਂ ਖ਼ੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸੇ ਦੇ ਸਾਜਨਾ ਦਿਵਸ ਦੀ 300 ਸਾਲਾ ਸ਼ਤਾਬਦੀ ਮੌਕੇ ਸਥਾਪਤ ਕੀਤੇ ਗਏ ਇਸ ਵਿਦਿਅਕ ਅਦਾਰੇ ਨੇ ਆਪਣੇ ਸਫ਼ਰ ਦੌਰਾਨ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹ ਮੰਤਵ ਦੀ ਪੂਰਤੀ ਲਈ ਸਫਲ ਸਿੱਧ ਹੋਇਆ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਵੱਡੀ ਭੂਮਿਕਾ ਨਿਭਾਅ ਰਹੀ ਹੈ ਅਤੇ 100 ਤੋਂ ਵੱਧ ਵਿਦਿਆ ਅਦਾਰੇ ਇਸ ਦੀ ਮਿਸਾਲ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਕੀਤੀ ਕਿ ਉਹ ਇਥੋਂ ਵਿਦਿਆ ਪ੍ਰਾਪਤੀ ਮਗਰੋਂ ਕਾਲਜ ਦੀਆਂ ਪ੍ਰਾਪਤੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਕਾਰਜਾਂ ਬਾਰੇ ਪ੍ਰਚਾਰ ਜ਼ਰੂਰ ਕਰਨ।
ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ-ਆਇਆਂ ਕਿਹਾ ਅਤੇ ਕਾਲਜ ਵੱਲੋਂ ਚਲਾਏ ਜਾਂਦੇ ਕੋਰਸਾਂ ਸਮੇਤ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਰਿਪੋਰਟ ਪੇਸ਼ ਕਰਦਿਆਂ ਬੀਤੇ ਸਮੇਂ ’ਚ ਇਥੋਂ ਪੜ੍ਹ ਕੇ ਗਏ ਵਿਦਿਆਰਥੀਆਂ ਦੇ ਸਮਾਜ ਲਈ ਪਾਏ ਜਾ ਰਹੇ ਯੋਗਦਾਨ ਦੇ ਨਾਲ-ਨਾਲ ਵਿਦਿਆ, ਖੇਡਾਂ, ਸੱਭਿਆਚਾਰ ਅਤੇ ਧਾਰਮਿਕ ਖੇਤਰ ਵਿਚ ਭੂਮਿਕਾ ਦਾ ਖੁਲਾਸਾ ਵੀ ਕੀਤਾ। ਮੰਚ ਸੰਚਾਲਨ ਦੀ ਜ਼ੁੰੰਮੇਵਾਰੀ ਪ੍ਰੋ. ਗੁਰਜੰਟ ਸਿੰਘ ਨੇ ਨਿਭਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ, ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ, ਡਾ. ਰੁਪਿੰਦਰ ਸਿੰਘ, ਪ੍ਰੋ. ਜਤਿੰਦਰ ਕੌਰ, ਪ੍ਰੋ. ਹਰਜੀਤ ਕੌਰ, ਪ੍ਰੋ. ਗੁਰਜੰਟ ਸਿੰਘ, ਸੁਪ੍ਰਿੰਟੈਂਡੈਂਟ ਬੀਬੀ ਰਮਨਦੀਪ ਕੌਰ ਆਦਿ ਹਾਜ਼ਰ ਸਨ।