ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਅੰਮ੍ਰਿਤਸਰ, 20 ਅਪ੍ਰੈਲ- ਸਿੱਖ ਕੌਮ ਦੇ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਖੇ ਕੀਤੇ ਗਏ ਸਮਾਗਮਾਂ ਦੇ ਖਰਚਿਆਂ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਹਾਲਵਾਂ ਨੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਸ. ਕਾਹਲਵਾਂ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ. ਕਾਲਕਾ ਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਆਪਣੇ ਸਿਆਸੀ ਅਕਾਵਾਂ ਨੂੰ ਖ਼ੁਸ਼ ਕਰਨ ਲਈ ਸ਼੍ਰੋਮਣੀ ਕਮੇਟੀ ਖਿਲਾਫ ਗਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਆਰੰਭ ਹੋਏ ਖਾਲਸਾ ਫ਼ਤਹ ਮਾਰਚ ਸਮੇਂ ਇਹ ਆਗੂ ਖ਼ੁਦ ਮੌਜੂਦ ਸਨ। ਉਨ੍ਹਾਂ ਕਿਹਾ ਕਿ ਖਾਲਸਾ ਫ਼ਤਹ ਮਾਰਚ ਪ੍ਰਤੀ ਸੰਗਤਾਂ ਵਿਚ ਉਤਸ਼ਾਹ ਦਾ ਪਤਾ ਤਾਂ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਸਵੇਰੇ 10:00 ਵਜੇ ਆਰੰਭ ਹੋਇਆ ਇਹ ਮਾਰਚ ਰਾਤ 11:00 ਵਜੇ ਆਪਣੇ ਪੜਾਅ ਫ਼ਤਹਿ ਨਗਰ ਪੁੱਜਾ।
ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੇ ਕਿਹਾ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ, ਜੋ ਆਪਣੇ ਜ਼ੁੰਮੇਵਾਰੀ ਬਾਖੂਬੀ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ ਨੂੰ ਮਨਾਉਣਾ ਸੰਸਥਾ ਦਾ ਫ਼ਰਜ਼ ਹੈ, ਜਿਸ ਨੂੰ 100 ਸਾਲ ਸਫ਼ਰ ਦੌਰਾਨ ਬਾਖੂਬੀ ਨਿਭਾਇਆ ਜਾ ਰਿਹਾ ਹੈ। ਸ. ਕਹਾਲਵਾਂ ਨੇ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਸ. ਕਾਲਕਾ ਰਾਜਸੀ ਹਿੱਤਾਂ ਲਈ ਜਾਣਬੁਝ ਕੇ ਸਿੱਖ ਸੰਗਤਾਂ ਵਿਚ ਦੁਬਿਧਾ ਖੜ੍ਹੀ ਕਰਨ ਦੇ ਯਤਨ ਕਰ ਰਹੇ ਹਨ। ਇਕ ਸੰਸਥਾ ਦੇ ਮੁਖੀ ਹੁੰਦਿਆਂ ਉਨ੍ਹਾਂ ਵੱਲੋਂ ਮਹਾਨ ਯੋਧਿਆਂ ਦੇ ਸ਼ਤਾਬਦੀ ਦਿਹਾੜਿਆਂ ਅਤੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਰਾਜਨੀਤੀ ਕਰਨੀ ਉਚਿਤ ਨਹੀਂ। ਸਕੱਤਰ ਸ. ਕਾਹਲਵਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਵੱਲੋਂ ਤਿੰਨ ਕਰੋੜ ਖਰਚਣ ਦੀ ਕਹੀ ਗਈ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਸੰਗਤਾਂ ਨੂੰ ਇਸ ਗੁੰਮਰਾਹਕੁੰਨ ਪ੍ਰਚਾਰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸ. ਕਾਲਕਾ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਪਾਸ ਤਿੰਨ ਕਰੋੜ ਦੇ ਖਰਚਿਆਂ ਦੇ ਸਬੂਤ ਹਨ ਤਾਂ ਪੇਸ਼ ਕਰਨ, ਨਹੀਂ ਤਾਂ ਜਨਤਕ ਮੁਆਫ਼ੀ ਮੰਗਣ। ਸਕੱਤਰ ਸ. ਕਾਹਲਵਾਂ ਨੇ ਸਪੱਸ਼ਟ ਕੀਤਾ ਕਿ ਸਿੱਖ ਜਰਨੈਲ ਦੀ ਸ਼ਤਾਬਦੀ ਦੇ ਸਮਾਗਮ ਮਨਾਉਣ ਵਿਚ ਵੱਡਾ ਹਿੱਸਾ ਸੰਗਤਾਂ ਤੇ ਸ਼ਰਧਾਲੂਆਂ ਵੱਲੋਂ ਪਾਇਆ ਹੈ। ਕੇਵਲ ਲੋੜੀਂਦੇ ਖਰਚੇ ਹੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਹਨ, ਜੋ ਸਿੱਖ ਕੌਮ ਦੀ ਸਰਵਉੱਚ ਸੰਸਥਾ ਦੀ ਜ਼ਿੰਮੇਵਾਰੀ ਬਣਦੀ ਹੈ।
ਉਨ੍ਹਾਂ ਸ. ਕਾਲਕਾ ਦੇ ਸੰਗਤ ਘੱਟ ਹੋਣ ਬਾਰੇ ਇਲਜ਼ਾਮ ਨੂੰ ਵੀ ਕੇਵਲ ਰਾਜਸੀ ਬਿਆਨ ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਕਿਉਂਕਿ ਸਾਰੇ ਪ੍ਰੋਗਰਾਮ ਸੰਗਤ ਦੀ ਸਹੂਲਤ ਲਈ ਲਾਈਵ ਦਿਖਾਏ ਗਏ ਹਨ। ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਸਮਾਗਮਾਂ ਵਿਚ ਸੰਗਤ ਦੀ ਘੱਟ ਰਹੀ ਹਾਜ਼ਰੀ ਕਾਰਨ ਸ. ਕਾਲਕਾ ਖਫਾ ਹਨ। ਸ. ਕਾਹਲਵਾਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰੋਗਰਾਮ ਸਰਕਾਰੀ ਸਨ, ਇਸ ਲਈ ਸੰਗਤ ਨੇ ਸਹਿਯੋਗ ਨਹੀਂ ਕੀਤਾ ਅਤੇ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਮਾਗਮ ਕੀਤੇ ਹਨ।