ਅੰਮ੍ਰਿਤਸਰ, 21 ਨਵੰਬਰ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨੀਂ ਅੰਮ੍ਰਿਤਸਰ ਨੇੜਲੇ ਪਿੰਡ ਅਦਲੀਵਾਲ ਨਿਰੰਕਾਰੀਆਂ ਦੇ ਅਸਥਾਨ ’ਤੇ ਕੀਤੇ ਗਏ ਹਮਲੇ ਮਗਰੋਂ ਪੰਜਾਬ ਦੇ ਸਿੱਖ ਨੌਜੁਆਨਾਂ ਦੀ ਫੜੋ-ਫੜੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਸ ਹਮਲੇ ਤੋਂ ਬਾਅਦ ਪੰਜਾਬ ਦੇ ਸਿੱਖ ਨੌਜੁਅਨਾਂ ’ਤੇ ਸ਼ੱਕ ਕਰਨਾ ਬੇਹੱਦ ਮੰਦਭਾਗਾ ਹੈ ਅਤੇ ਅਜਿਹਾ ਕਰਨ ਨਾਲ ਪੰਜਾਬ ਦੇ ਮਾਹੌਲ ਵਿਚ ਤਲਖ਼ੀ ਪੈਦਾ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਖ਼ੁਦ ਇਸ ਹਮਲੇ ਨੂੰ ਪਾਕਿਸਤਾਨ ਨਾਲ ਜੋੜ ਰਹੇ ਹਨ ਤਾਂ ਫਿਰ ਸਿੱਖ ਨੌਜੁਆਨਾਂ ਨੂੰ ਸ਼ੱਕ ਦੀ ਨਿਗਾ ਨਾਲ ਦੇਖਣਾ ਠੀਕ ਨਹੀਂ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਗੱਲ ਦੀ ਮੁਦੱਈ ਹੈ ਕਿ ਕਿਸੇ ਵੀ ਬੇਦੋਸ਼ੇ ’ਤੇ ਹਮਲਾ ਕਰਨਾ ਜਾਂ ਕਿਸੇ ਨੂੰ ਮਾਰਨਾ ਬਿਲਕੁਲ ਗਲਤ ਹੈ, ਪਰੰਤੂ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਅਜਿਹੇ ਹਮਲਿਆਂ ਤੋਂ ਬਾਅਦ ਨਿਰਦੋਸ਼ਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਦਲੀਵਾਲ ਹਮਲੇ ਤੋਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਸਮੁੱਚੀ ਸਿੱਖ ਕੌਮ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਦਲੀਵਾਲ ਵਿਖੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਕੌਮ ਸਦਾ ਹੀ ਸ਼ਾਂਤੀ ਦੀ ਮੁਦੱਈ ਰਹੀ ਹੈ ਅਤੇ ਸਿੱਖਾਂ ਨੇ ਹਮੇਸ਼ਾਂ ਹੀ ਦੇਸ਼ ਦੀ ਰੱਖਵਾਲੀ ਲਈ ਅੱਗੇ ਹੋ ਕੇ ਲੜਾਈ ਲੜੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਨੌਜੁਆਨਾਂ ਨੂੰ ਨਜ਼ਾਇਜ ਤੰਗ ਪ੍ਰੇਸ਼ਾਨ ਕਰਨ ਨੂੰ ਰੋਕਣ ਲਈ ਪੁਲਿਸ ਵਿਭਾਗ ਨੂੰ ਹਦਾਇਤ ਜਾਰੀ ਕਰਨ।