ਅੰਮ੍ਰਿਤਸਰ, ੧੮ ਮਾਰਚ- ਅਮਰੀਕਾ ਦੇ ਸੂਬੇ ਡੇਲਵੇਅਰ ਦੀ ਵਿਧਾਨ ਸਭਾ ਵੱਲੋਂ ਅਪ੍ਰੈਲ ਮਹੀਨੇ ਨੂੰ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਵਜੋਂ ਮਨਾਉਣ ਦਾ ਫੈਸਲਾ ਸਿੱਖਾਂ ਲਈ ਬਹੁਤ ਮਹੱਤਤਾ ਰੱਖਣ ਵਾਲਾ ਹੈ, ਜਿਸ ਨਾਲ ਵਿਦੇਸ਼ਾਂ ਅੰਦਰ ਸਿੱਖ ਪਛਾਣ ਨੂੰ ਹੋਰ ਬਲ ਮਿਲਣ ਦੇ ਨਾਲ-ਨਾਲ ਸਿੱਖਾਂ ਵਿਰੁੱਧ ਹੁੰਦੇ ਨਸਲੀ ਹਮਲੇ ਵੀ ਯਕੀਨਨ ਘੱਟਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਥੇ ਜਾਰੀ ਬਿਆਨ ਵਿਚ ਕੀਤਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੀ ਡੇਲਵੇਅਰ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਮਤੇ ਵਿਚ ਡੇਲਵੇਅਰ ਸਰਕਾਰ ਵੱਲੋਂ ਸਿੱਖਾਂ ਨਾਲ ਖੜ੍ਹੇ ਹੋਣ ਦੀ ਗੱਲ ਕਹਿਣਾ ਸਿੱਖ ਕੌਮ ਲਈ ਵੱਡੇ ਮਾਣ ਵਾਲੀ ਗੱਲ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਮਿਹਨਤੀ ਕੌਮ ਵਜੋਂ ਮਾਨਤਾ ਰੱਖਦੀ ਹੈ ਅਤੇ ਦੇਸ਼-ਵਿਦੇਸ਼ ਅੰਦਰ ਵਿਸ਼ੇਸ਼ ਪ੍ਰਾਪਤੀਆਂ ਦੁਆਰਾ ਇਸ ਨੇ ਥੋੜੇ ਸਮੇਂ ਵਿਚ ਹੀ ਆਪਣੀ ਨਿਵੇਕਲੀ ਹੋਂਦ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅੱਜ ਕਈ ਵਿਕਸਤ ਦੇਸ਼ਾਂ ਅੰਦਰ ਸਿੱਖ ਸ਼ਖਸੀਅਤਾਂ ਸਨਮਾਨਿਤ ਅਹੁਦਿਆਂ ‘ਤੇ ਵੀ ਕਾਰਜਸ਼ੀਲ ਹਨ। ਵੱਖ-ਵੱਖ ਦੇਸ਼ਾਂ ਦੀ ਤਰੱਕੀ ਵਿਚ ਸਿੱਖਾਂ ਦੇ ਵੱਡੇ ਯੋਗਦਾਨ ਦੀ ਸਰਾਹਨਾ ਕਰਦਿਆਂ ਪ੍ਰੋ: ਬਡੂੰਗਰ ਨੇ ਆਖਿਆ ਕਿ ਸਿੱਖ ਜਿੱਥੇ ਵੀ ਜਾਂਦੇ ਹਨ ਆਪਣੇ ਸੱਭਿਆਚਾਰ ਅਤੇ ਸੰਸਕਾਰਾਂ ਦੀ ਅਮੀਰੀ ਕਾਰਨ ਮਨੁੱਖੀ ਹਮਦਰਦੀ, ਸੇਵਾ ਅਤੇ ਮਿਲਵਰਤਨ ਦੀ ਭਾਵਨਾ ਨਾਲ ਵਿਚਰਦੇ ਹਨ। ਅਜਿਹੇ ਵਿਚ ਅਮਰੀਕਾ ਦੇ ਡੈਲਵੇਅਰ ਰਾਜ ਸੰਘ ਨੇ ਸਵਾਗਤਯੋਗ ਫੈਸਲਾ ਕਰਕੇ ਸਿੱਖਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਇਕ ਵਾਰ ਫਿਰ ਇਸ ਫੈਸਲੇ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿਚ ਵੀ ਅਜਿਹੀਆਂ ਹੀ ਮਨੁੱਖੀ ਏਕਤਾ ਅਤੇ ਸਦਭਾਵਨਾ ਵਾਲੀਆਂ ਪੈੜਾਂ ਸਿਰਜਣ ਦੀ ਆਸ ਪ੍ਰਗਟ ਕੀਤੀ।