ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤੀ ਸ਼ਮੂਲੀਅਤ
੫੫੦ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਅਮਰੀਕਾ ਤੋਂ ਵੱਡੀ ਗਿਣਤੀ ‘ਚ ਪੁੱਜੇਗੀ ਸੰਗਤ- ਡਾ. ਰੂਪ ਸਿੰਘ


ਅੰਮ੍ਰਿਤਸਰ, ੧੫ ਅਪ੍ਰੈਲ- ਅਮਰੀਕਾ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਲਾਸ ਏਂਜਲਸ ਵਿਖੇ ਖਾਲਸਾ ਸਾਜਣਾ ਦਿਵਸ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ। ਲਾਸ ਏਂਜਲਸ ਦੱਖਣੀ ਕੈਲੀਫੋਰਨੀਆ ਦਾ ਸੰਸਾਰ ਪ੍ਰਸਿੱਧ ਸ਼ਹਿਰ ਹੈ, ਜਿਥੇ ਹਰ ਸਾਲ ਖਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਭਰਵੀਂ ਸੰਗਤ ਜੁੜਦੀ ਹੈ। ਇਸ ਵਾਰ ਦੇ ਸਮਾਗਮ ਅਤੇ ਨਗਰ ਕੀਰਤਨ ਸਮੇਂ ਲੱਗਭਗ ੩੦ ਹਜ਼ਾਰ ਸੰਗਤ ਨੇ ਸ਼ਮੂਲੀਅਤ ਕੀਤੀ। ਸਿੰਘ ਸਾਹਿਬ ਗਿਆਨੀ ਹਰਭਜਨ ਸਿੰਘ ਜੋਗੀ ਵੱਲੋਂ ਸਥਾਪਿਤ ਸਿੱਖ ਧਰਮਾ ਇੰਟਰਨੈਸ਼ਨਲ ਦੇ ਮੁਖੀ ਡਾਕਟਰ ਬੀਬੀ ਇੰਦਰਜੀਤ ਕੌਰ ਦੀ ਪ੍ਰੇਰਣਾ ਨਾਲ ਲਾਸ ਏਂਜਲਸ ਦੀਆਂ ੨੨ ਗੁਰਦੁਆਰਾ ਕਮੇਟੀਆਂ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੇ ਗਏ ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਸੰਗਤ ਨਾਲ ਖਾਲਸੇ ਦੇ ਇਤਿਹਾਸਕ ਤੇ ਵਿਚਾਰਧਾਰਕ ਪੱਖ ਬਾਰੇ ਵਿਚਾਰ ਸਾਂਝੇ ਕਰਦਿਆਂ ਖਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਦਿੱਤੀ। ਸਮਾਗਮ ਦੌਰਾਨ ਭਾਈ ਸਦਾਸਤਸਿਮਰਨ ਸਿੰਘ ਚੜਦੀ ਕਲਾ ਜਥਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਭਾਈ ਕੀਰਤਨ ਸਿੰਘ ਅਤੇ ਸਥਾਨਕ ਸ਼ਹਿਰ ਦੇ ੨੨ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਜੋੜਿਆ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਕਾਂਗਰਸ ਮੈਨ (ਪਾਰਲੀਮੈਂਟ ਮੈਂਬਰ) ਮਿਸਟਰ ਸ਼ਰਮਨ ਨੇ ਕੈਪੀਟਲ ਹਿਲ ਵਾਸ਼ਿੰਗਟਨ ਵਿਖੇ ੨੬ ਜਨਵਰੀ ਨੂੰ ਝੁਲਾਇਆ ਗਿਆ ਝੰਡਾ ਸਤਿਕਾਰ ਵਜੋਂ ਡਾ. ਰੂਪ ਸਿੰਘ ਨੂੰ ਪ੍ਰਮਾਣ ਪੱਤਰ ਸਮੇਤ ਭੇਟ ਕੀਤਾ। ਇਹ ਝੰਡਾ ਕੁਝ ਖਾਸ ਮੌਕਿਆਂ ‘ਤੇ ਖਾਸ ਵਿਆਕਤੀਆਂ ਨੂੰ ਦੇਣ ਦੀ ਰਵਾਇਤ ਹੈ। ਇਸੇ ਦੌਰਾਨ ਹੀ ਡਾ. ਰੂਪ ਸਿੰਘ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਆਪਣੀ ਕਿਤਾਬ ਮਿਸਟਰ ਸ਼ਰਮਨ ਨੂੰ ਭੇਟ ਕੀਤੀ।
ਅਮਰੀਕਾ ਤੋਂ ਜਾਣਕਾਰੀ ਸਾਂਝੀ ਕਰਦਿਆਂ ਡਾ. ਰੂਪ ਸਿੰਘ ਨੇ ਦੱਸਿਆ ਕਿ ਖਾਲਸਾ ਸਾਜਣਾ ਦਿਵਸ ਮੌਕੇ ਹਰ ਸਾਲ ਅਮਰੀਕਾ ਦੇ ਵਿਸ਼ਾਲ ਸ਼ਹਿਰ ਲਾਸ ਏਂਜਲਸ ਵਿਖੇ ਸੰਗਤ ਵੱਲੋਂ ਸਮੂਹਿਕ ਰੂਪ ਵਿਚ ਸਮਾਗਮ ਕਰਵਾ ਕੇ ਕੌਮੀ ਏਕਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਇਸ ਸਮਾਗਮ ਦੌਰਾਨ ਉਨ੍ਹਾਂ ਨੂੰ ਸੰਗਤੀ ਅਰਦਾਸ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੀ ਸੇਵਾ ਕਰਨ ਦਾ ਸੁਭਾਗ ਹਾਸਿਲ ਹੋਇਆ ਹੈ। ਡਾ. ਰੂਪ ਸਿੰਘ ਅਨੁਸਾਰ ਸਥਾਨਕ ਗੁਰਦੁਆਰਾ ਕਮੇਟੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਨਵੰਬਰ ਮਹੀਨੇ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਵਿਚ ਸ਼ਮੂਲੀਅਤ ਲਈ ਵੀ ਗੱਲਬਾਤ ਕੀਤੀ ਗਈ ਹੈ, ਜਿਸ ‘ਤੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਸੰਗਤ ਲੈ ਕੇ ਪੁੱਜਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਮੇਅਰ ਹੈਰੀ ਸਿੱਧੂ, ਸ. ਰੌਣਕ ਸਿੰਘ, ਭਾਈ ਹਰਭਜਨ ਸਿੰਘ ਜੋਗੀ ਦੇ ਸਪੁੱਤਰ ਭਾਈ ਕੁਲਬੀਰ ਸਿੰਘ, ਡਾ. ਅੰਮ੍ਰਿਤ ਸਿੰਘ ਸੇਖੋਂ, ਸ. ਕੀਰਤਨ ਸਿੰਘ ਮੁੱਖ ਪ੍ਰਬੰਧਕ ਆਦਿ ਮੌਜੂਦ ਸਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਬੇਕਰਜਫੀਲਡ ਇਲਾਕੇ ਵਿਚ ਸਥਿਤ ਗੁਰਦੁਆਰਾ ਸਾਹਿਬ ਵੱਲੋਂ ਕਰਵਾਏ ਗਏ ਸਮਾਗਮ ਵਿਚ ਵੀ ਹਾਜਰੀ ਭਰੀ, ਜਿਥੇ ਉਨ੍ਹਾਂ ਨੂੰ ਸ. ਨਾਜਰ ਸਿੰਘ ਕੂੰਨਰ ਨੇ ਸਨਮਾਨਿਤ ਕੀਤਾ।