ਅੰਮ੍ਰਿਤਸਰ, ੧੫ ਦਸੰਬਰ- ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦਾ ਇਕ ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਸਤਮਸਕ ਹੋ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਵਫ਼ਦ ਵਿਚ ਸਥਾਨਕ ਸੂਬੇ ਦੇ ਕੁਝ ਵਿਧਾਇਕ ਜਿਨ੍ਹਾਂ ਵਿਚ ਅਸ਼ ਕਾਲਰਾ, ਮਾਰਕ ਸਟੋਨ, ਈਲੋਜੇ ਰੇਅਸ, ਸੇਸੀਲਾ ਐਗੂਲੇਰ ਕੁਰੀ, ਸਾਹਰੋਨ, ਕੁਈਰਕ ਸਿਲਵਾ ਰਿਚਰਡ ਬਲੂਮ, ਪੋਲੀਸੀ ਏਡਸ, ਅੰਕਾਲੀ, ਸਟੇਸ਼ੀ ਸ਼ੀਹ ਆਦਿ ਤੋਂ ਇਲਾਵਾ ਹੋਰ ਸ਼ਖ਼ਸ਼ੀਅਤਾਂ ਵੀ ਸ਼ਾਮਲ ਸਨ। ਵਫ਼ਦ ਵਿਚ ਆਏ ਮੈਂਬਰਾਂ ਨੇ ਜਿਥੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਉਥੇ ਹੀ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸ਼ਰਧਾ ਨਾਲ ਗੁਰੂ ਕਾ ਲੰਗਰ ਛਕਿਆ। ਵਫ਼ਦ ਮੈਂਬਰ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ, ਰੂਹਾਨੀ ਵਾਤਾਵਰਨ, ਸਰਬ ਸਾਂਝੀਵਾਲਤਾ ਦਾ ਸਿਧਾਂਤ ਅਨੁਸਾਰ ਵੱਖ-ਵੱਖ ਧਰਮਾਂ ਤੋਂ ਇਥੇ ਪੁਜੇ ਲੋਕਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ। ਉਨ੍ਹਾਂ ਨੇ ਬਿਨਾ ਭੇਦ ਭਾਵ ਤੋਂ ਇਥੇ ਲੰਗਰ ਛਕਦੀਆਂ ਸੰਗਤਾਂ ਨੂੰ ਦੇਖ ਕੇ ਪ੍ਰਸ਼ੰਸਾ ਕੀਤੀ ਅਤੇ ਬਰਤਨਾਂ ਨੂੰ ਸਾਫ ਕਰਨ ਦੀ ਸੇਵਾ ਵੀ ਕੀਤੀ। ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਵਫ਼ਦ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਨ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਜੈਬ ਸਿੰਘ ਅਭਿਆਸੀ ਅਤੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਸਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ. ਜਸਵਿੰਦਰ ਸਿੰਘ ਦੀਨਪੁਰ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ. ਪ੍ਰਤਾਪ ਸਿੰਘ ਬਾਜਵਾ ਸਾਬਕਾ ਵਧਾਇਕ, ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਬਘੇਲ ਸਿੰਘ ਐਡੀਸ਼ਨਲ ਮੈਨੇਜਰ, ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਆਦਿ ਹਾਜ਼ਰ ਸਨ।