ਅੰਮ੍ਰਿਤਸਰ 2 ਅਪ੍ਰੈਲ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕੀ ਫੌਜ ਵੱਲੋਂ ਸਿੱਖ ਕੈਪਟਨ ਸ. ਸਿਮਰਤਪਾਲ ਸਿੰਘ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾ ਕੇ ਕੰੰਮ ਕਰਨ ਦੀ ਆਗਿਆ ਦੇਣ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।

ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਨੇ ਜਿਥੇ ਸਿੱਖ ਨੂੰ ਸਾਬਤ ਸੂਰਤ ਰਹਿਣ ਲਈ ਪ੍ਰੇਰਿਆ ਹੈ, ਉਥੇ ਕੇਸਾਂ ਦੀ ਸੰਭਾਲ ਲਈ ਦਸਤਾਰ ਸਜਾਉਣ ਦਾ ਉਦੇਸ਼ ਵੀ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਵਿੱਚ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਕਰਕੇ ਭਾਵੇਂ ਲੰਮਾ ਸਮਾਂ ਸੰਘਰਸ਼ ਕਰਨਾ ਪਿਆ, ਪਰ ਹੁਣ ਆਗਿਆ ਮਿਲਣ ਨਾਲ ਸਮੁੱਚੇ ਸਿੱਖ ਪੰਥ ਵਿੱਚ ਖੁਸ਼ੀ ਦੀ ਲਹਿਰ ਹੈ।

ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸ. ਸਿਮਰਤਪਾਲ ਸਿੰਘ ਚੌਥੇ ਅਜਿਹੇ ਸਿੱਖ ਬਣ ਗਏ ਹਨ ਜਿਸ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਮਿਲੀ ਹੈ ਇਸ ਤੋਂ ਪਹਿਲਾਂ ਮੇਜਰ ਸ. ਕਮਲਜੀਤ ਸਿੰਘ ਕਲਸੀ ਤੇ ਮੇਜਰ ਸ. ਤੇਜਦੀਪ ਸਿੰਘ ਰਤਨ ਨੂੰ 2009 ਅਤੇ ਸ. ਸਿਮਰਨਪ੍ਰੀਤ ਸਿੰਘ ਲਾਂਬਾ ਨੂੰ 2010 ਵਿੱਚ ਅਮਰੀਕੀ ਫੌਜ ਵੱਲੋਂ ਧਾਰਮਿਕ ਚਿੰਨ੍ਹਾਂ ਸਬੰਧੀ ਮਾਨਤਾ ਮਿਲੀ ਸੀ। ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਦੀ ਆਜ਼ਾਦੀ ਮਿਲੀ ਹੈ।