1 ਅੰਮ੍ਰਿਤਸਰ 20 ਮਈ ( ) ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਦੇਸ਼-ਵਿਦੇਸ਼ਾਂ ਤੋਂ ਹਰੇਕ ਧਰਮ ਦੇ ਲੋਕ ਆ ਕੇ ਨਤਮਸਤਿਕ ਹੁੰਦੇ ਹਨ।ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਸ ਮੁਕਦਸ ਅਸਥਾਨ ਦੇ ਦਰਸ਼ਨ ਕਰਨ ਨਾਲ ਆਪਣੇ ਆਪ ਨੂੰ ਜਿਥੇ ਵੱਡਭਾਗਾ ਸਮਝਦੇ ਹਨ, ਉਥੇ ਇਸ ਅਸਥਾਨ ਤੋਂ ਮਿਲੇ ਸਕੂਨ ਨਾਲ ਜਿੰਦਗੀ ਬਸਰ ਕਰਦੇ ਹਨ।ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਲਾਲਚ ਖਾਤਰ ਇਸ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਆਏ ਸ਼ਰਧਾਲੂਆ ਨੂੰ ਲੁੱਟ ਕੇ ਉਨ੍ਹਾਂ ਦੀ ਸੱਚੀ ਤੇ ਸੁੱਚੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਅਜਿਹਾ ਹੀ ਵਾਪਰਿਆ ੬ ਮਈ ਨੂੰ ਇਜ਼ਰਾਇਲ ਨਿਵਾਸੀ ਬੀਬੀ ਸ਼ਰੇਆ ਨਾਲ ਜੋ ਪੂਰਨ ਸ਼ਰਧਾ ਵਸ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬਰਤਨਾਂ ਦੀ ਸੇਵਾ ਕਰ ਰਹੀ ਸੀ ਤਾਂ ਇਕ ਚੋਰ ਨੇ ਉਸ ਬੀਬੀ ਦਾ ਬੈਗ ਚੁਰਾ ਲਿਆ।ਬੀਬੀ ਸ਼ਰੇਆ ਵੱਲੋਂ ਇਸ ਦੀ ਸ਼ਿਕਾਇਤ ਪ੍ਰਬੰਧਕਾਂ ਪਾਸ ਕੀਤੀ ਜਿਸ ਤੇ ਅਮਲ ਕਰਦਿਆਂ ਤੁਰੰਤ ਲੰਗਰ ਘਰ ‘ਚ ਲਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਗਈ ਤੇ ਚੋਰ ਦੀ ਪਹਿਚਾਣ ਕੀਤੀ ਗਈ।ਕੁਝ ਦਿਨਾਂ ਬਾਅਦ ਹੀ ਪਿੰਡ ਡੱਲਾ ਕਾਦੀਆਂ ਨਿਵਾਸੀ ਚੋਰ ਰਣਜੋਧ ਸਿੰਘ ਪੁੱਤਰ ਲਾਲ ਸਿੰਘ ਫਿਰ ਮਾੜੀ ਨੀਯਤ ਨਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਆ ਗਿਆ।ਸੀ. ਸੀ. ਟੀ. ਵੀ. ਕੈਮਰਿਆਂ ਤੇ ਤਾਇਨਾਤ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ ਨੇ ਤੁਰੰਤ ਇਸ ਚੋਰ ਦੀ ਪਹਿਚਾਣ ਕਰਕੇ ਇਸ ਨੂੰ ਕਾਬੂ ਕਰ ਲਿਆ ਤੇ ਗਲਿਆਰਾ ਪੁਲਿਸ ਦੇ ਹਵਾਲੇ ਕਰ ਦਿੱਤਾ।ਇਸ ਕਾਰਵਾਈ ਪ੍ਰਤੀ ਸੀ. ਸੀ. ਟੀ. ਵੀ. ਕੈਮਰਿਆਂ ਤੇ ਤਾਇਨਾਤ ਸਟਾਫ ਦੀ ਇਜ਼ਰਾਇਲੀ ਨਿਵਾਸੀ ਬੀਬੀ ਸ਼ਰੇਆ ਨੇ ਭਰਪੂਰ ਸ਼ਲਾਘਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਰਾਹੀਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਅਸਥਾਨ ਤੇ ਮਾੜੇ ਅਨਸਰਾਂ ਪੁਰ ਨਿਗ੍ਹਾ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਸ਼੍ਰੋਮਣੀ ਕਮੇਟੀ ਦਾ ਫੈਸਲਾ ਉਚਿਤ ਤੇ ਸਰਾਹਨਾਯੋਗ ਹੈ।