ਅੰਮ੍ਰਿਤਸਰ, ੧੩ ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਪਾਰਟੀ ਵੱਲੋਂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਫੈਸਲੇ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਸਬੰਧੀ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਨਾਲ ਕਿਹਾ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਥਾਪੜ ਕੇ ਸਿੱਖ ਕੌਮ ਦੇ ਰਿਸਦੇ ਜ਼ਖ਼ਮਾਂ ‘ਤੇ ਲੂਣ ਪਾਇਆ ਹੈ ਅਤੇ ਹੁਣ ਕਾਂਗਰਸ ਵੱਲੋਂ ਇਸੇ ਸਿੱਖ ਵਿਰੋਧੀ ਮਨਸ਼ਾ ਨਾਲ ਹੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ੧੯੮੪ ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਦਾ ਨਾਮ ਵੀ ਬੋਲਦਾ ਹੈ, ਜਦਕਿ ਕਾਂਗਰਸ ਉਸ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਨਿਵਾਜ ਰਹੀ ਹੈ। ਸ. ਬੇਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਾਂਗਰਸ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਇਹ ਮੰਗ ਕਰਦੀ ਹੈ ਕਿ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਤੁਰੰਤ ਬਦਲਿਆ ਜਾਵੇ। ਜੇਕਰ ਇਹ ਇਹ ਫੈਸਲਾ ਨਾ ਬਦਲਿਆ ਗਿਆ ਤਾਂ ਕਾਂਗਰਸ ਪਾਰਟੀ ਸਿੱਖ ਕੌਮ ਦੇ ਰੋਸ ਅਤੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।