ਸਿੱਖ ਆਗੂ ਕੌਮ ਦੀ ਸ਼ਕਤੀ ਕਮਜ਼ੋਰ ਕਰਨ ਦੀ ਕਾਂਗਰਸੀ ਸਾਜਿਸ਼ ਨੂੰ ਸਮਝਣ
ਅੰਮ੍ਰਿਤਸਰ, 5 ਅਕਤੂਬਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਏਜੰਟ ਅਤੇ ਉਸ ਦੇ ਪਿੱਠੂਆਂ ਨੂੰ ਸਰਬਤ ਖ਼ਾਲਸਾ ਸੱਦਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਕਾਂਗਰਸ ਵੱਲੋਂ ਕੌਮ ਦੀ ਸ਼ਕਤੀ ਨੂੰ ਕਮਜੋਰ ਕਰਨ ਅਤੇ ਭਾਈਚਾਰੇ ਵਿੱਚ ਵਖਰੇਵੇਂ ਖੜੇ ਕਰਨ ਵਾਲੀ ਕਿਸੇ ਵੀ ਧਿਰ ਨੂੰ ਉਹ ਮੁੱਢੋਂ ਨਕਾਰ ਦੇਣ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਕਿ ਇਹ ਸਰਬੱਤ ਖ਼ਾਲਸਾ ਸੱਦਣ ਦੀ ਮੰਗ ਕਾਂਗਰਸ ਦੇ ਏਜੰਟ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਹੋ ਰਹੀ ਹੈ ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਿੱਖਾਂ ਦੀ ਸੁਪਰੀਮ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਦੀ ਇਕ ਵੱਡੀ ਸਾਜਿਸ਼ ਘੜੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਨਿੱਖਰ ਕੇ ਸਾਹਮਣੇ ਆ ਗਈ ਹੈ ਕਿ ਕਾਂਗਰਸ ਸਿੰਘ ਸਾਹਿਬਾਨ ਦੇ ਰੁਤਬੇ ਨੂੰ ਕਮਜੋਰ ਕਰਨ ਲਈ ਪੰਥ ਵਿਰੋਧੀ ਤਾਕਤਾਂ ਦਾ ਓਟ ਆਸਰਾ ਲੈ ਕੇ ਇਹ ਲੁਕਵੀਂ ਸਾਜਿਸ਼ ਨੇਪੇਰੇ ਚਾੜਣਾ ਚਾਹੁੰਦੀ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀ ਕਰੇਗੀ।
ਇਹ ਯਾਦ ਦਿਵਾਉਂਦੇ ਹੋਏ ਕਿ ਸਿਰਫ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ ਸਰਬੱਤ ਖ਼ਾਲਸਾ ਸੱਦਿਆ ਜਾ ਸਕਦਾ ਹੈ, ਜਥੇਦਾਰ ਅਵਤਾਰ ਸਿੰਘ ਨੇ ਪੰਥ ਨੂੰ ਅਪੀਲ ਕੀਤੀ ਕਿ ਉਹ ਇਸ ਘਿਨੌਣੀ ਸਾਜਿਸ਼ ਨੂੰ ਮੁਢੋਂ ਹੀ ਨੱਪ ਦੇਣ ਤਾਂ ਜੋ ਕੌਮ ਵੱਡੇ ਨੁਕਸਾਨ ਤੋਂ ਬਚ ਸਕੇ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਬਉੱਚ ਅਧਿਆਤਮਿਕ ਤੇ ਪਾਵਨ ਸਥਾਨ ਹੈ।ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਸ਼ਕਤੀਸ਼ਾਲੀ ਮਹਾਰਾਜਿਆਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਅੱਗੇ ਹਮੇਸ਼ਾ ਸਿਰ ਝੁਕਾਇਆ ਤੇ ਇਥੋਂ ਜਾਰੀ ਹੁਕਮਨਾਮਿਆਂ ਦੀ ਪਾਲਣਾ ਕਰਕੇ ਇਨ੍ਹਾਂ ਦੀ ਸਰਬਉੱਚਤਾ ਨੂੰ ਕਾਇਮ ਰੱਖਿਆ।
ਸਰਨਾ ਵੱਲੋਂ ਪੰਥ ਦੀ ਪਿੱਠ ਵਿਚ ਛੁਰ੍ਹਾ ਮਾਰਨ ਦੀ ਉਦਾਹਰਨ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਰਨਾ ਨੇ ੧੯੮੪ ਸਿੱਖ ਕਤਲੇਆਮ ਦੇ ਮੁੱਖ ਜ਼ਿੰਮੇਵਾਰ ਜਗਦੀਸ਼ ਟਾਇਟਲਰ ਵਰਗੇ ਦੋਸ਼ੀਆਂ ਨੂੰ ਸਨਮਾਨਿਤ ਕੀਤਾ ਅਤੇ ਹਮੇਸ਼ਾ ਹੀ ਸਿੱਖਾਂ ਦੇ ਕਾਤਲਾਂ ਵਜੋਂ ਜਾਣੇ ਜਾਂਦੇ ਚਰਚਿਤ ਕਾਂਗਰਸੀ ਆਗੂਆਂ ਨਾਲ ਸਾਜਸ਼ੀ ਗੰਢ-ਤੁੱਪ ਕੀਤੀ ਹੈ ਜੋ ਕਿ ਸਰਬ ਧਰਮ ਪ੍ਰਵਾਨਿਤ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਆਪਰੇਸ਼ਨ ਬਲਿਊ ਸਟਾਰ ਦੌਰਾਨ ਹੋਏ ਘਿਨਾਉਣੇ ਹਮਲੇ ਲਈ ਜ਼ਿੰਮੇਵਾਰ ਸਨ।
ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਕੁੱਝ ਸਿੱਖ ਨੇਤਾ ਅਜਿਹੇ ਸਾਜਸ਼ੀ ਲੋਕਾਂ ਦੇ ਪ੍ਰਭਾਵ ਹੇਠ ਆ ਗਏ ਹਨ ਜੋ ਪੰਥ ਵਿਚ ਵੰਡੀਆਂ ਪਾਉਣ ਅਤੇ ਕੌਮ ਨੂੰ ਅੰਦਰੋਂ ਕਮਜੋਰ ਕਰਨ ਦੇ ਲਈ ਤੱਤਪਰ ਹਨ।ਉਨ੍ਹਾਂ ਕਿਹਾ ਕਿ ਇਹ ਵੀ ਅਫਸੋਸਨਾਕ ਹੈ ਕਿ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸਿੱਖ ਆਗੂ ਜਿਹੜੇ ਪੰਥ ਲਈ ਕੀਤੀਆਂ ਘਾਲਣਾਵਾਂ ਲਈ ਫਖਰ ਮਹਿਸੂਸ ਕਰਦੇ ਹਨ, ਅੱਜ ਉਹ ਵੀ ਸਰਨੇ ਦੇ ਨਾਲ ਕਿਸ਼ਤੀ ਵਿੱਚ ਸਵਾਰ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਆਗੂ ਆਪਣੀ ਜਮੀਰ ਨੂੰ ਘੋਖ ਕੇ ਆਪਣੀ ਅੰਤਰ ਆਤਮਾ ਤੋਂ ਪੁੱਛਣ ਕਿ ਕਿਉਂ ਉਹ ਅਜਿਹੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਕਤਾਰ ਬੰਦੀ ਵਿਚ ਸ਼ਾਮਲ ਹੋਏ ਹਨ।
ਇਸ ਵਿਅਕਤੀ ਤੋਂ ਦੂਰੀ ਬਣਾ ਕੇ ਰੱਖਣ ਨਹੀਂ ਤਾਂ ਸਿੱਖ ਵਿਰੋਧੀ ਤਾਕਤਾਂ ਨਾਲ ਰਲਣ ਲਈ ਸਿੱਖ ਸੰਗਤ ਵੱਲੋਂ ਉਨ੍ਹਾਂ ਦੀ ਅੰਤਰ ਆਤਮਾ ‘ਤੇ ਸਵਾਲ ਖੜ੍ਹੇ ਕੀਤੇ ਜਾ ਸਕਦੇ ਹਨ।ਇਨ੍ਹਾਂ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਵਲੋਂ ਇਨ੍ਹਾਂ ਆਗੂਆਂ ਨੂੰ ਇਸ ਸਾਰੇ ਮੁੱਦੇ ‘ਤੇ ਗਹਿਰਾਈ ਨਾਲ ਵਿਚਾਰ ਕਰਨ ਅਤੇ ਸਰਨਾ ਅਤੇ ਉਸ ਦੇ ਧੜੇ ਵੱਲੋਂ ਪੰਥ ‘ਚ ਵੰਡੀਆਂ ਪਾਉਣ ਤੇ ਭੰਬਲਭੂਸਾ ਪੈਦਾ ਕਰਨ ਦੀ ਗਹਿਰੀ ਸਾਜਿਸ਼ ਨੂੰ ਸਮਝਣ ਤੇ ਜਾਗਰੂਕ ਰਹਿਣ ਲਈ ਵੀ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਦੀ ਮੁਆਫੀ ਲਈ ਲਿਖਤੀ ਬੇਨਤੀ ‘ਤੇ ਉਸਦੀ ਕੀਤੀ ਗ਼ਲਤੀ ਨੂੰ ਮੁਆਫ ਕਰਕੇ ਪੰਜ ਸਿੰਘ ਸਾਹਿਬਾਨ ਨੇ ਅਸਲ ਅਰਥਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕੀਤਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਖਿਮਾ ਕਰ ਦੇਣਾ ਰੱਬ ਦੇ ਗੁਣਾਂ ਵਿੱਚੋਂ ਇੱਕ ਹੈ ਅਤੇ ਕਿਸੇ ਨੂੰ ਖਿਮਾ ਦਾ ਤੋਹਫਾ ਦੇ ਕੇ ਅਸੀਂ ਖੁਦ ਲਈ ਚੰਗਾ ਕਰਦੇ ਹਾਂ।ਉਨ੍ਹਾਂ ਅੱਗੇ ਕਿਹਾ ਕਿ ਸਿਰਫ ਪੰਜ ਸਿੰਘ ਸਾਹਿਬਾਨ ਹੀ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰ ਸਕਦੇ ਹਨ ਕਿਉਂ ਜੋ ਕਮਜ਼ੋਰ ਕਦੇ ਵੀ ਕਿਸੇ ਨੂੰ ਮੁਆਫ ਨਹੀਂ ਕਰ ਸਕਦਾ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਮੁਆਫ ਕਰਨਾ ਤਾਕਤਵਰ ਦੇ ਹੱਥ ਹੁੰਦਾ ਹੈ।