ਗੁਰਦੁਆਰਾ ‘ਅਚਲ ਸਾਹਿਬ’ ਬਟਾਲਾ (ਗੁਰਦਾਸਪੁਰ)

ਗੁਰਦੁਆਰਾ ‘ਅਚਲ ਸਾਹਿਬ’ ਆਦਿ ਗੁਰੂ, ਗੁਰੂ ਨਾਨਕ ਜੀ ਦੀ ਆਮਦ ਦੀ ਅਮਰ ਯਾਦਗਾਰ ਵਜੋਂ ਸੁਭਇਮਾਨ ਹੈ। ਮੁਗਲ ਕਾਲ ਵਿਚ ‘ਅਚਲ’ ਨਾਥ ਪੰਥੀਆਂ-ਜੋਗੀਆਂ ਦਾ ਪ੍ਰਮੁੱਖ ਕੇਂਦਰ ਸੀ, ਜਿਨ੍ਹਾਂ ਦਾ ਮੁਖੀ ਜੋਗੀ ਭੰਗਰ ਨਾਥ ਸੀ। ਇਸ ਅਸਥਾਨ ‘ਤੇ ਪੁਰਾਤਨ ਸ਼ਿਵ ਮੰਦਰ ਹੋਣ ਕਰਕੇ ‘ਸ਼ਿਵਰਾਤਰੀ’ ‘ਤੇ ਬਹੁਤ ਭਾਰੀ ਮੇਲਾ ਲੱਗਦਾ ਸੀ। ਸੰਮਤ 1586 ਈ: (1529 ਈ:) ਨੂੰ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਮੇਲੇ ‘ਤੇ ਇਥੇ ਆਏ। ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਖਬਰ ਸੁਣ ਕੇ, ਮੇਲਾ ਦੇਖਣ ਆਏ ਬਹੁਤੇ ਲੋਕ, ਗੁਰੂ ਜੀ ਦੇ ਦਰਸ਼ਨਾਂ ਨੂੰ ਇਕੱਤਰ ਹੋ ਗਏ, ਜਿਨ੍ਹਾਂ ਵਿਚ ਬਹੁਤ ਸਾਰੇ ਜੋਗੀ-ਸੰਨਿਆਸੀ ਵੀ ਸਨ। ਜੋਗੀ ਭੰਗਰ ਨਾਥ ਦੀ ਅਗਵਾਈ ਵਿਚ ਜੋਗੀਆਂ ਨੇ, ਗੁਰੂ ਨਾਨਕ ਸਾਹਿਬ ਨਾਲ, ਆਪਣੇ ਮੱਤ ਨੂੰ ਸਰੇਸ਼ਟ ਦਰਸਾਉਣ ਲਈ ਵਿਚਾਰ-ਚਰਚਾ ਕੀਤੀ। ਵਿਚਾਰ-ਚਰਚਾ ਵਿਚ ਅਸਫਲ ਹੋਣ ‘ਤੇ ਜੋਗੀਆਂ ਨੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ। ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਸਾਡੇ ਪਾਸ ਤਾਂ ਕੇਵਲ ‘ਸੱਚੇ ਨਾਮ ਦੀ ਹੀ ਕਰਾਮਾਤ’ ਹੈ। ਗੁਰੂ ਜੀ ਅਤੇ ਜੋਗੀਆਂ ਦਰਮਿਆਨ ਹੋਈ ਚਰਚਾ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਅੰਕਤ ਕੀਤਾ ਹੈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ‘ਸਿਧ ਗੋਸਿਟ’ ਬਾਣੀ ਦੀ ਰਚਨਾ ਗੁਰੂ ਜੀ ਨੇ ਇਥੇ ਹੀ ਕੀਤੀ।

ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਪੁਰਾਤਨ ਸ਼ਿਵ ਮੰਦਰ ਦੇ ਨਜ਼ਦੀਕ ਹੀ ਯਾਦਗਾਰ ਕਾਇਮ ਕੀਤੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਵਾਸਤੇ ਕੁਝ ਜ਼ਮੀਨ ਤੇ ਨਗ ਜਗੀਰ ਦੇ ਰੂਪ ਵਿਚ ਭੇਂਟ ਕੀਤੀ। ਇਸ ਅਸਥਾਨ ਦਾ ਪ੍ਰਬੰਧ ਬਹੁਤ ਸਮਾਂ ਪਿਤਾਪੁਰਖੀ ਉਦਾਸੀ ਮਹੰਤ ਹੀ ਕਰਦੇ ਰਹੇ। 20 ਅਪ੍ਰੈਲ, 1926 ਈ: ਵਿਚ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। 17 ਅਕਤੂਬਰ, 1935 ਈ: ਵਿਚ ਪੁਰਾਤਨ ਗੁਰਦੁਆਰਾ ਦੀ ਇਮਾਰਤ ਦੀ ਥਾਂ ‘ਤੇ ਨਵੀਂ ਇਮਾਰਤ ਦੀ ਸ਼ੁਰੂਆਤ ਹੋਈ ਜੋ 1946 ਈ: ਵਿਚ ਪੂਰੀ ਹੋਈ। ਆਧੁਨਿਕ ਆਲੀਸ਼ਾਨ ਨਵੀਂ ਬਣੀ ਹੋਈ ਦੋ-ਮੰਜ਼ਲੀ ਇਮਾਰਤ 1985 ਈ: ਵਿਚ ਸੰਪੂਰਨ ਹੋਈ।

ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਸਾਲਾਨਾ ਜੋੜ ਮੇਲਾ ਵੱਡੀ ਪੱਧਰ ‘ਤੇ ਇਸ ਅਸਥਾਨ ‘ਤੇ ਮਨਾਏ ਜਾਂਦੇ ਹਨ।

 

Gurdwara Text Courtesy :- Dr. Roop Singh, Secretary S.G.P.C.