ਗੁਰਦੁਆਰਾ ਕਪਾਲ ਮੋਚਨ

ਕਪਾਲ ਮੋਚਨ ਪ੍ਰਸਿੱਧ ਹਿੰਦੂ ਤੀਰਥ ਅਸਥਾਨ ਹੈ। ਮਨੌਤ ਹੈ ਕਿ ਆਦਿ ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਤੋਂ ਸਹਾਰਨਪੁਰ ਜਾਣ ਸਮੇਂ ਸੰਮਤ 1584 (1527 ਈ:) ਵਿਚ ਕੱਤਕ ਦੀ ਪੂਰਨਮਾਸ਼ੀ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕਰ ਇਸ ਧਰਤ ਸੁਹਾਵੀ ਨੂੰ ਪਵਿੱਤਰਤਾ ਤੇ ਇਤਿਹਾਸਕਤਾ ਪ੍ਰਦਾਨ ਕੀਤੀ। ਪੂਰਨਮਾਸ਼ੀ ‘ਤੇ ਬਹੁਤ ਸਾਰੇ ਹਿੰਦੂ ਲੋਕ ਤੀਰਥ ਦਰਸ਼ਨਾਂ ਲਈ ਇਥੇ ਆਉਂਦੇ ਸਨ। ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਸਮਝਾਇਆ ਕਿ ਤੀਰਥਾਂ ‘ਤੇ ਪਰਭ੍ਰਮਣ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮੁਕਤੀ ਪ੍ਰਾਪਤ ਕਰਨ ਲਈ ਸ਼ੁੱਭ ਅਮਲ ਕਰਨੇ ਜ਼ਰੂਰੀ ਹਨ।

ਗੁਰੂ ਗੋਬਿੰਦ ਸਿੰਘ ਜੀ ਵੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸੀ ਸਮੇਂ ਅਕਤੂਬਰ, 1688 ਈ: ਵਿਚ ਇਸ ਅਸਥਾਨ ‘ਤੇ ਕੁਝ ਸਮਾਂ ਰੁਕੇ ਤੇ ਮਾਨਵਤਾ ਨੂੰ ਸ਼ੁਭ ਕਰਮ ਕਰਨ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ। ਗੁਰੂ ਸਾਹਿਬ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਇਤਿਹਾਸਕ ਯਾਦਗਾਰਾਂ ਦਾ ਨਿਰਮਾਣ ਕਰਵਾਇਆ। ਦੇਸ਼ ਵੰਡ ਤੋਂ ਪਹਿਲਾਂ ਇਹ ਇਤਿਹਾਸਕ ਯਾਦਗਾਰਾਂ ਆਮ ਹੀ ਰਹੀਆਂ, ਜਿਨ੍ਹਾਂ ਦਾ ਪ੍ਰਬੰਧ ਪਿਤਾ ਪੁਰਖੀ ਮਹੰਤ ਕਰਦੇ ਸਨ। 1947 ਈ: ਵਿਚ ਇਤਿਹਾਸਕ ਯਾਦਗਾਰ ‘ਤੇ ਆਲੀਸ਼ਾਨ ਗੁਰਦੁਆਰੇ ਦੀ ਇਮਾਰਤ ਦੀ ਆਰੰਭਤਾ ਹੋਈ ਜੋ 1951 ਈ: ਵਿਚ ਸੰਪੂਰਨ ਹੋਈ।

ਇਸ ਅਸਥਾਨ ‘ਤੇ ਪਹਿਲੀ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਖਾਲਸਾ ਸਿਰਜਨਾ ਦਿਹਾੜਾ ਵਿਸਾਖੀ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ‘ਤੇ ਸ਼ਰਧਾਲੂ ਦੂਰ ਦੂਰ ਤੋਂ ਇਸ ਇਤਿਹਾਸਕ ਅਸਥਾਨ ਦੀ ਚਰਨ ਧੂੜ ਪਰਸਨ ਆਉਂਦੇ ਹਨ। ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ। ਯਾਤਰੂਆਂ ਦੀ ਟਹਿਲ ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਹੈ। ਇਹ ਅਸਥਾਨ ਕਸਬਾ ਕਪਾਲ ਮੋਚਨ, ਤਹਿਸੀਲ ਬਿਲਾਸਪੁਰ, ਜ਼ਿਲ੍ਹਾ ਯਮਨਾਨਗਰ (ਹਰਿਆਣਾ) ਵਿਚ ਰੇਲਵੇ ਸਟੇਸ਼ਨ ਜਗਾਧਰੀ ਤੋਂ 18 ਕਿਲੋਮੀਟਰ ਤੇ ਬੱਸ ਸਟੈਂਡ ਬਿਲਾਸਪੁਰ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਜਗਾਧਰੀ-ਬਿਲਾਸਪੁਰ ਰੋਡ ‘ਤੇ ਸਥਿਤ ਹੈ। ਵਧੇਰੇ ਜਾਣਕਾਰੀ 01735-73113 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.