ਗੁਰਦੁਆਰਾ ‘ਗੁਰੂਸਰ’ ਮਹਿਰਾਜ (ਬਠਿੰਡਾ)

ਗੁਰਦੁਆਰਾ ‘ਗੁਰੂਸਰ’ ਮਹਿਰਾਜ, ਗੁਰੂ ਹਰਿਗੋਬਿੰਦ ਸਾਹਿਬ ਦੀ ਪਾਵਨ ਯਾਦਗਾਰ ਵਜੋਂ ਸੁਭਾਇਮਾਨ ਹੈ। 1627 ਈ: ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਦੇਸ਼ ‘ਤੇ ‘ਮਹਿਰਾਜ’ ਦੇ ਪੜਪੋਤੇ ‘ਭਾਈ ਮੋਹਨ’ ਨੇ ਮਹਿਰਾਜ ਨਾਮ ਪਿੰਡ ਦੀ ਮੋੜ੍ਹੀ ਗੱਡੀ। 16 ਦਸੰਬਰ, 1634 ਈ: ਨੂੰ ਮਹਿਰਾਜ ਦੀ ਜੂਹ ਵਿਚ ਪਾਣੀ ਦੀ ਢਾਬ ਕੰਢੇ ਗੁਰੂ ਹਰਿਗੋਬਿੰਦ ਸਾਹਿਬ ਨੂੰ, ਸ਼ਾਹੀ ਮੁਗਲੀਆ ਸੈਨਾ, ਜਿਨ੍ਹਾਂ ਦੀ ਅਗਵਾਈ ਲਲਾ ਬੇਗ ਤੇ ਕਰਮ ਬੇਗ ਕਰ ਰਹੇ ਸਨ ਨਾਲ ਇਤਿਹਾਸਕ ਯੁੱਧ ਲੜਨਾ ਪਿਆ। ਫਤਹਿ ਗੁਰੂ ਹਰਿ-ਗੋਬਿੰਦ ਸਾਹਿਬ ਜੀ ਨੂੰ ਪ੍ਰਾਪਤ ਹੋਈ। ਇਤਿਹਾਸਕਾਰਾਂ ਦੇ ਮਤ ਅਨੁਸਾਰ ਇਸ ਯੁੱਧ ਵਿਚ 1273 ਗੁਰਸਿੱਖ ਅਤੇ 16000 ਦੇ ਕਰੀਬ ਸ਼ਾਹੀ ਸੈਨਾ ਦੇ ਜੁਆਨ ਪਰਮਗਤੀ ਨੂੰ ਪ੍ਰਾਪਤ ਹੋਏ। ਯੁੱਧ ਤੋਂ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਸ਼ਹੀਦ ਗੁਰਸਿੱਖਾਂ ਦਾ ਸ਼ਹੀਦ ਗੰਜ ਦੇ ਸਥਾਨ ‘ਤੇ ਸਸਕਾਰ ਕੀਤਾ ਅਤੇ ਮੁਸਲਮਾਨਾਂ ਨੂੰ ਮੁਸਲਮ ਰੀਤੀ ਅਨੁਸਾਰ ‘ਦਮਦਮਾ’ ਦੇ ਅਸਥਾਨ ‘ਤੇ ਦਫ਼ਨਾਇਆ। ਸ਼ਹੀਦ ਸਿੰਘਾਂ ਦੇ ਸਸਕਾਰ ਢਾਬ ਦੇ ਕੰਢੇ ਕੀਤੇ ਗਏ ਜਿਸ ਨੂੰ ‘ਗੁਰੂਸਰ’ ਦਾ ਨਾਮ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਖੁਦ ਦਿੱਤਾ ਅਤੇ ਸੇਵਾ-ਸੰਭਾਲ ਲਈ ਇਕ ਗੁਰਸਿੱਖ ਦੀ ਡਿਊਟੀ ਲਗਾਈ। ਆਪ ਗੁਰੂ ਜੀ ਅੰਮ੍ਰਿਤਸਰ ਵਾਪਸ ਆ ਗਏ। ਇਹ ਇਤਿਹਾਸਕ ਅਸਥਾਨ ਕਸਬਾ ਮਹਿਰਾਜ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਹੈ।

‘ਗੁਰੂਸਰ’ ਦੇ ਅਸਥਾਨ ‘ਤੇ ਮਹਾਰਾਜਾ ਹੀਰਾ ਸਿੰਘ ਨਾਭਾਪਤੀ (1871-1911 ਈ:) ਨੇ ਸ਼ਾਨਦਾਰ ਗੁਰਦੁਆਰੇ ਦੀ ਇਮਾਰਤ ਦਾ ਨਿਰਮਾਣ ਕਾਰਜ ਕਰਵਾਇਆ ਅਤੇ ਸਰੋਵਰ ਦੀ ਸੇਵਾ ਕਰਵਾਈ। ਰਿਆਸਤ ਪਟਿਆਲਾ ਅਤੇ ਨਾਭਾ ਵੱਲੋਂ ਇਸ ਅਸਥਾਨ ਨੂੰ ਕੁਝ ਜ਼ਮੀਨ ਜਗੀਰ ਦੇ ਰੂਪ ਵਿਚ ਭੇਂਟ ਕੀਤੀ ਗਈ। ਮਹਿਰਾਜ ਪਿੰਡ ਵਿਚ ‘ਛੋਟਾ ਗੁਰੂਸਰ’ ਨਾਮ ਦਾ ਇਤਿਹਾਸਕ ਗੁਰਦੁਆਰਾ ਹੈ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਗੁਰੂ ਹਰਿ ਰਾਇ ਸਾਹਿਬ ਜੀ ਨੇ ਵੀ ਇਸ ਅਸਥਾਨ ‘ਤੇ ਆਪਣੇ ਮੁਬਾਰਕ ਚਰਨ ਪਾਏ ਸਨ।

ਗੁਰਦੁਆਰਾ ‘ਗੁਰੂਸਰ’ ਮਹਿਰਾਜ ਦੀ 1990 ਈ: ਵਿਚ ਬਣੀ ਅਤਿ ਸੁੰਦਰ ਦੋ ਮੰਜ਼ਲੀ ਇਮਾਰਤ ਅਤੇ ਝੂਲਦੇ ਦੋ ਕੇਸਰੀ ਪਰਚਮ ਦੂਰ ਤੋਂ ਦਿਖਾਈ ਦਿੰਦੇ ਹਨ। ਗੁਰਦੁਆਰਾ ਸਾਹਿਬ ਦੇ ਨਾਲ ਹੀ ਵਿਸ਼ਾਲ ਸਰੋਵਰ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਇਸ ਇਤਿਹਾਸਕ ਗੁਰ-ਅਸਥਾਨ ‘ਤੇ ਪਹਿਲੀ-ਪੰਜਵੀਂ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ 14-15 ਮੱਘਰ ਨੂੰ ਸਾਲਾਨਾ ਜੋੜ ਮੇਲਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਪ੍ਰਬੰਧ, ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਹ ਇਤਿਹਾਸਕ ਅਸਥਾਨ ਪਿੰਡ ਮਹਿਰਾਜ, ਤਹਿਸੀਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਵਿਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਰਾਮਪੁਰਾ ਫੂਲ ਤੋਂ 10 ਕਿਲੋਮੀਟਰ ਦੀ ਦੂਰੀ ਤੇ ਬਠਿੰਡਾ-ਰਾਮਪੁਰਾ ਫੂਲ-ਮਹਿਰਾਜ ਰੋਡ ‘ਤੇ ਸਥਿਤ ਹੈ।

 

 

Gurdwara Text Courtesy :- Dr. Roop Singh, Secretary S.G.P.C.