ਗੁਰਦੁਆਰਾ ‘ਗੁਰੂਸਰ’ ਰੁਮਾਣਾ

ਗੁਰਦੁਆਰਾ ‘ਗੁਰੂਸਰ’ ਰੁਮਾਣਾ (ਮੁਕਤਸਰ),ਪੰਜਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ-ਛੋਹ ਦੀ ਯਾਦ ਵਿਚ ਸਸ਼ੋਭਿਤ ਹੈ ਗੁਰਦੁਆਰਾ ‘ਗੁਰੂ ਸਰ’ ਰੁਮਾਣਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮੋ-ਸਿਤਮ ਦੇ ਖਿਲਾਫ਼ ‘ਖਿਦਰਾਣੇ’ ਦੀ ਢਾਬ ‘ਤੇ ਲੜੀ ਆਖ਼ਰੀ ਲੜਾਈ ਤੋਂ ਬਾਅਦ 25 ਅਪ੍ਰੈਲ, 1706 ਈ: ਵਿਚ ਇਸ ਅਸਥਾਨ ‘ਤੇ ਆਏ ਅਤੇ ਬਹੁਤ ਸਾਰੇ ਭੁੱਲੇ ਭਟਕੇ ਲੋਕਾਂ ਨੂੰ ‘ਨਾਨਕ ਨਿਰਮਲ ਪੰਥ’ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾ ਨਾਨਕ ਨਿਰਮਲ ਪੰਥ ਦੇ ਪਾਂਧੀ ਬਣਾਇਆ। ਪ੍ਰੇਮੀ ਗੁਰਸਿੱਖਾਂ ਨੇ ਕੈਂਪ ਸਥਾਨ ‘ਤੇ ਯਾਦਗਾਰ ਦਾ ਨਿਰਮਾਣ ਕਰਵਾਇਆ ਜੋ ਪਿੱਛੋਂ ‘ਗੁਰੂਸਰ’ ਦੇ ਨਾਮ ਨਾਲ ਪ੍ਰਸਿੱਧ ਹੋਈ। ਗੁਰਦੁਆਰਾ ‘ਗੁਰੂਸਰ’ ਦੀ ਆਧੁਨਿਕ ਤਿੰਨ ਮੰਜ਼ਲਾ ਇਮਾਰਤ 1971 ਈ: ਵਿਚ ਸ਼ੁਰੂ ਹੋਈ ਸੀ।

ਇਸ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਸਲਾਨਾ ਜੋੜ ਮੇਲਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਹੈ। ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ। ਗੁਰਦੁਆਰਾ ‘ਗੁਰੂਸਰ’ ਪਿੰਡ ਰੁਮਾਣਾ, ਤਹਿਸੀਲ/ਜ਼ਿਲ੍ਹਾ ਮੁਕਤਸਰ ਵਿਚ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਮੁਕਤਸਰ ਤੋਂ ਕੇਵਲ 8 ਕਿਲੋਮੀਟਰ ਦੀ ਦੂਰੀ ‘ਤੇ ਮੁਕਤਸਰ-ਮਲੋਟ ਰੋਡ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.