ਗੁਰਦੁਆਰਾ ‘ਗੰਗਸਰ ਸਾਹਿਬ’ ਜੈਤੋ (ਫਰੀਦਕੋਟ)

ਗੁਰਦੁਆਰਾ ‘ਗੰਗਸਰ ਸਾਹਿਬ’ ਉਹ ਪਵਿੱਤਰ ਅਸਥਾਨ ਹੈ, ਜਿਸ ਨੂੰ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਨੇ ਕੋਟ ਕਪੂਰੇ ਤੋਂ ਹੁੰਦੇ ਹੋਏ 1706 ਈ: ਵਿਚ ਜੈਤੋ ਪਿੰਡ ਵਿਚ ਪਾਣੀ ਦੀ ਢਾਬ ਕੰਢੇ ਚਰਨ-ਛੋਹ ਬਖਸ਼ਿਸ਼ ਕਰ ਪਵਿੱਤਰਤਾ ਤੇ ਇਤਿਹਾਸਕਤਾ ਪ੍ਰਦਾਨ ਕੀਤੀ। ਗੁਰੂ ਜੀ ਨੇ ‘ਗੰਗਾ ਤੀਰਥ’ ਦੇ ਭਰਮ ਨੂੰ ਨਵਿਰਤ ਕਰਨ ਲਈ ਪਾਣੀ ਦੀ ਢਾਬ ਨੂੰ ‘ਗੰਗਸਰ’ ਦਾ ਨਾਮ ਦਿਤਾ। ਮਹਾਰਾਜਾ ਹੀਰਾ ਸਿੰਘ ਨਾਭਾ ਨੇ ਸਤਿਗੁਰਾਂ ਦੀ ਯਾਦ ਵਿਚ ਇਤਿਹਾਸਕ ਅਸਥਾਨ ‘ਤੇ ਸੁੰਦਰ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ ਤੇ ਕੁਝ ਜ਼ਮੀਨ-ਜਗੀਰ ਦੇ ਰੂਪ ਵਿਚ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ। 1954 ਈ: ਵਿਚ ਗੁ: ਸਾਹਿਬ ਜੀ ਦੀ ਆਧੁਨਿਕ ਇਮਾਰਤ ਦੀ ਉਸਾਰੀ ਤੇ ਸਰੋਵਰ ਦੀ ਸੇਵਾ ਬਾਬਾ ਗੁਰਮੁਖ ਸਿੰਘ ਪਟਿਆਲਾ ਵਾਲਿਆਂ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ।

ਅਕਾਲੀ ਲਹਿਰ ਸਮੇਂ ਮਹਾਰਾਜਾ ਰਿਪਦੁਮਨ ਸਿੰਘ ‘ਨਾਭਾ’ ਦੀ ਬਹਾਲੀ ਲਈ ਰਖਵਾਏ ਗਏ ਅਖੰਡ ਪਾਠ ਨੂੰ ਅੰਗਰੇਜ਼ ਸਰਕਾਰ ਨੇ 14 ਸਤੰਬਰ, 1923 ਈ. ਨੂੰ ਜ਼ਬਰੀ ਬੰਦ ਕਰਵਾ ਕੇ ਅਖੰਡ ਪਾਠ ਖੰਡਨ ਕਰਨ ਦਾ ਕੁਕਰਮ ਕੀਤਾ, ਜਿਸ ‘ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਮੋਰਚਾ ਲਾ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਸਮੇਂ ਸ਼ਹੀਦੀ ਜਥੇ ਇਸ ਮੋਰਚੇ ਵਿਚ ਸ਼ਾਮਲ ਹੋਏ। ਬਹੁਤ ਸਾਰੇ ਸਿੰਘ ਸ਼ਹੀਦ ਹੋਏ। ਅਖੀਰ 21 ਜੁਲਾਈ, 1925 ਈ: ਨੂੰ ਅੰਗਰੇਜ਼, ਸਾਮਰਾਜ ਨੂੰ ਪੰਥਕ ਏਕਤਾ ਤੇ ਸਿੱਖ ਸ਼ਕਤੀ ਦੇ ਅੱਗੇ ਝੁਕਣਾ ਪਿਆ, ਖਾਲਸੇ ਨੂੰ ਫਤਹਿ ਪ੍ਰਾਪਤ ਹੋਈ। ਜੈਤੋ ਦੇ ਮੋਰਚੇ ਵਿਚ ਜਵਾਹਰ ਲਾਲ ਨਹਿਰੂ, ਡਾ.ਕਿਚਲੂ ਤੇ ਮਿਸਟਰ ਗਿਡਵਾਨੀ ਨੇ ਵੀ ਗ੍ਰਿਫਤਾਰੀ ਦਿੱਤੀ। ਹਰ ਸਾਲ 21 ਫਰਵਰੀ ਨੂੰ ਸ਼ਹੀਦ ਸਿੰਘਾਂ ਦੀ ਯਾਦ ਸ਼ਹੀਦੀ ਜੋੜ ਮੇਲਾ ਇਸ ਅਸਥਾਨ ‘ਤੇ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ।

ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਲੋਕਲ ਕਮੇਟੀ ਰਾਹੀਂ ਕਰਦੀ ਹੈ। ਇਸ ਅਸਥਾਨ ‘ਤੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ 10 ਕਮਰੇ ਹਨ। ਗੁਰਦੁਆਰਾ ਗੰਗਸਰ ਦੇ ਨਜ਼ਦੀਕ ਹੀ ਗੁਰਦੁਆਰਾ ਟਿੱਬੀ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਇਤਿਹਾਸਕ ਸਥਾਨ ਹਨ।

ਇਹ ਅਸਥਾਨ ‘ਜੈਤੋ ਮੰਡੀ’ ਜੋ ਕਿ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਹੈ, ਵਿਚ ਫਰੀਦਕੋਟ-ਬਠਿੰਡਾ ਮੇਨ ਸੜਕ ‘ਤੇ ਹੈ। ਕੋਟਕਪੂਰੇ ਤੇ ਗੋਨਿਆਣਾ ਮੰਡੀ ਤੋਂ ਵੀ ਸੜਕਾਂ ਮਿਲਦੀਆਂ ਹਨ। ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨ ‘ਤੇ ਜੈਤੋ ਰੇਲਵੇ ਸਟੇਸ਼ਨ ਤੋਂ ਇਹ ਅਸਥਾਨ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ। ਵਧੇਰੇ ਜਾਣਕਾਰੀ 01635-30924, 64204 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.