ਗੁਰਦੁਆਰਾ ‘ਨਾਭਾ ਸਾਹਿਬ’ (ਪਟਿਆਲਾ)

ਗੁਰਦੁਆਰਾ ‘ਨਾਭਾ ਸਾਹਿਬ’ ਉਹ ਇਤਿਹਾਸਕ ਅਸਥਾਨ ਹੈ, ਜਿਥੇ ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਜੀ) ਨੇ ਨਵੰਬਰ, 1675 ਈ: ਨੂੰ ਚਾਂਦਨੀ ਚੌਕ ਤੇ ਭਿਆਨਕ ਸਾਕੇ ਤੋਂ ਪਿੱਛੋਂ, ਸਤਿਗੁਰੂ, ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ, ਦਿੱਲੀ ਤੋਂ ਅਨੰਦਪੁਰ ਸਾਹਿਬ ਲਿਜਾਣ ਸਮੇਂ, ਕੁਝ ਸਮੇਂ ਲਈ ਰੱਖ ਕੇ, ਕੁਝ ਸਮਾਂ ਅਰਾਮ ਕੀਤਾ। ਉਸ ਸਮੇਂ ਇਹ ਜਗ੍ਹਾ ਜੰਗਲ ਨੁਮਾ ਸੀ ਤੇ ਗੁਰੂ-ਘਰ ਦਾ ਪ੍ਰੀਤਵਾਨ ਮੁਸਲਮ ਫਕੀਰ ਦਰਗਾਹੀ ਸ਼ਾਹ ਰਹਿੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨਵੰਬਰ, 1688 ਈ: ਵਿਚ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣ ਸਮੇਂ ਆਪਣੇ ਮੁਬਾਰਕ ਚਰਨ ਇਥੇ ਪਾਏ ਸਨ। ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵੀ ਪੰਜਾਬ ਵਿਚੋਂ ਜ਼ੁਲਮੀ ਰਾਜ ਦਾ ਖਾਤਮਾ ਕਰਨ ਤੋਂ ਪਹਿਲਾਂ ਇਥੇ ਆਏ ਸਨ।

ਕਾਫੀ ਸਮਾਂ ਇਹ ਅਸਥਾਨ ਆਮ ਯਾਦਗਾਰ ਵਜੋਂ ਹੀ ਰਿਹਾ। ਮਹਾਰਾਜਾ ਕਰਮ ਸਿੰਘ ਪਟਿਆਲਾ (1798-1845) ਨੇ ਆਪਣੇ ਕਾਰਜ ਕਾਲ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰਵਾਈ। 1956 ਈ: ਵਿਚ ਇਮਾਰਤ ਵਿਚ ਕੁਝ ਹੋਰ ਵਾਧੇ ਕੀਤੇ ਗਏ। ਨਵੀਨ ਆਧੁਨਿਕ ਆਲੀਸ਼ਾਨ ਇਮਾਰਤ 1994 ਈ: ਵਿਚ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰ ਕਰਵਾਈ ਗਈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ 5 ਕਮਰੇ ਹਨ। ਇਸ ਅਸਥਾਨ ‘ਤੇ ਪਹਿਲੀ-ਪੰਜਵੀਂ, ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਰਾਹੀਂ ਇਸ ਅਸਥਾਨ ਦਾ ਪ੍ਰਬੰਧ ਕਰਦੀ ਹੈ।

ਗੁਰਦੁਆਰਾ ‘ਨਾਭਾ ਸਾਹਿਬ’ , ਪਿੰਡ ਨਾਭਾ, ਡਾਕਘਰ ਦਿਆਲਪੁਰ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਿਚ ਚੰਡੀਗੜ੍ਹ ਤੋਂ ਰਾਜਪੁਰ ਰੋਡ ‘ਤੇ ਚੰਡੀਗੜ੍ਹ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.