ਗੁਰਦੁਆਰਾ ਪਾਤਸ਼ਾਹੀ ਛੇਵੀਂ, ਨੌਵੀਂ ਤੇ ਦਸਵੀਂ ਪਹੇਵਾ

ਹਰਿਆਣਾ ਪਹੇਵਾ ਪ੍ਰਸਿੱਧ ਹਿੰਦੂ ਤੀਰਥ ਅਸਥਾਨ ਹੈ। ਖਾਸ ਕਰਕੇ ਮ੍ਰਿਤਕ ਪ੍ਰਾਣੀਆਂ ਸਬੰਧੀ ਹੋਣ ਵਾਲੀਆਂ ਰਸਮਾਂ ਦਾ ਪ੍ਰਮੁੱਖ ਕੇਂਦਰ ਹੈ ਜਿਥੇ ਮ੍ਰਿਤਕ ਪ੍ਰਾਣੀਆਂ ਦੇ ਪਰਿਵਾਰਾਂ ਦਾ ਲੇਖਾ-ਜੋਖਾ ਪਾਂਡੇ ਲੋਕ ਪਾਂਡਵ ਵਹੀਆਂ ਵਿਚ ਕਰਦੇ ਹਨ। ਸਿੱਖ ਗੁਰੂ ਸਾਹਿਬਾਨ ਮਾਨਵਤਾ ਨੂੰ ਵਹਿਮਾਂ-ਭਰਮਾਂ-ਪਾਖੰਡਾਂ ਤੋਂ ਨਿਜਾਤ ਦਿਵਾਉਣ, ਗਿਆਨ ਦਾ ਪ੍ਰਕਾਸ਼ ਕਰਨ ਲਈ ਬਹੁਤ ਸਾਰੇ ਤੀਰਥਾਂ ‘ਤੇ ਗਏ ਕਿਉਂਕਿ ਤੀਰਥ ਅਸਥਾਨ ‘ਤੇ ਆਮ ਲੋਕਾਂ ਦੇ ਇਕੱਠ ਮਿਲ ਜਾਂਦੇ ਸਨ। ਪਹੇਵਾ ਵੀ ਇਕ ਅਜਿਹਾ ਕੇਂਦਰ ਸੀ ਜਿਥੇ ਵਹਿਮਾਂ-ਭਰਮਾਂ-ਪਾਖੰਡਾਂ ਦਾ ਜਾਲ ਬੁਣਿਆ ਹੋਇਆ ਹੋਣ ਕਰਕੇ, ਲੋਕਾਈ ਨੂੰ ਸੱਚ-ਧਰਮ ‘ਤੇ ਪਾਉਣ ਵਾਸਤੇ ਸਮੇਂ-ਸਮੇਂ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਇ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਆਏ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਇਥੇ ਆਏ। ਗੁਰੂ ਗੋਬਿੰਦ ਸਿੰਘ ਜੀ ਗੁਰੂ ਘਰ ਦੇ ਪ੍ਰੀਤਵਾਨ ਫ਼ਕੀਰ ਸਾਂਈ ਭੀਖਨ ਸ਼ਾਹ ਨੂੰ ਮਿਲਣ ਘੜਾਮ ਜਾਣ ਸਮੇਂ ਕੁਝ ਚਿਰ ਇਥੇ ਰੁਕੇ ਸਨ।

ਗੁਰੂ ਸਾਹਿਬਾਨ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਸਮੇਂ-ਸਮੇਂ ਇਤਿਹਾਸਕ ਯਾਦਗਾਰਾਂ ਦਾ ਨਿਰਮਾਣ ਕਰਵਾਇਆ। ਪੁਰਾਤਨ ਇਤਿਹਾਸਕ ਯਾਦਗਾਰਾਂ ਦੇ ਅਸਥਾਨ ‘ਤੇ ਭਾਈ ਉਦੈ ਸਿੰਘ ਕੈਂਥਲ ਪਤੀ ਨੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ। ਨਾਭਾ ਰਿਆਸਤ ਵੱਲੋਂ ਇਨ੍ਹਾਂ ਗੁਰਦੁਆਰਿਆਂ ਨੂੰ ਕੁਝ ਜ਼ਮੀਨ ਜਗੀਰ ਦੇ ਰੂਪ ਵਿਚ ਭੇਂਟ ਕੀਤੀ ਗਈ। ਭਾਈ ਜੀਵਨ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ 1950 ਈ: ਵਿਚ ਗੁਰਦੁਆਰਿਆਂ ਦੀ ਨਵ-ਉਸਾਰੀ ਕਰਵਾਈ ਅਤੇ ਇਕ ਬਾਉਲੀ ਦਾ ਨਿਰਮਾਣ ਕਰਵਾਇਆ। ਗੁਰਦੁਆਰਾ ਮੰਜੀ ਸਾਹਿਬ ਤੇ ਗੁਰਦੁਆਰਾ ਬਾਉਲੀ ਸਾਹਿਬ ਦੇ ਨਾਮ ਪ੍ਰਸਿੱਧ ਹਨ। ਗੁਰਦੁਆਰਾ ਕਰਹਾਂ ਸਾਹਿਬ ਤੇ ਸਿਆਣਾ ਸੈਦਿਆ ਵੀ ਦੇਖਣਯੋਗ ਹਨ।

ਇਨ੍ਹਾਂ ਇਤਿਹਾਸਕ ਅਸਥਾਨਾਂ ‘ਤੇ ਸਿੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਅਤੇ ਖਾਲਸੇ ਦਾ ਸਿਰਜਨਾ ਦਿਹਾੜਾ ਵਿਸਾਖੀ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ। ਇਹ ਇਤਿਹਾਸਕ ਅਸਥਾਨ ਸ਼ਹਿਰ ਪਹੇਵਾ, ਜ਼ਿਲ੍ਹਾ ਕੁਰਕਸ਼ੇਤਰ ਵਿਚ ਰੇਲਵੇ ਸਟੇਸ਼ਨ ਕੁਰਕਸ਼ੇਤਰ ਤੋਂ 27 ਕਿਲੋਮੀਟਰ ਅਤੇ ਬੱਸ ਸਟੈਂਡ ਪਹੇਵਾ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਪਟਿਆਲਾ-ਪਹੇਵਾ, ਕੁਰਕਸ਼ੇਤਰ-ਪਹੇਵਾ ਰੋਡ ‘ਤੇ ਸਥਿਤ ਹੈ। ਵਧੇਰੇ ਜਾਣਕਾਰੀ 01741-21234 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Gurdwara Text Courtesy :- Dr. Roop Singh, Secretary S.G.P.C.