ਗੁਰਦੁਆਰਾ, ‘ਪਾਤਸ਼ਾਹੀ ਪੰਜਵੀਂ’ ਬਿਲਗਾ (ਜਲੰਧਰ)

ਪੰਚਮ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਧਰਤ ਸੁਹਾਵੀ ‘ਤੇ ਸੁਭਾਇਮਾਨ ਹੈ, ਗੁਰਦੁਆਰਾ, ਪਾਤਸ਼ਾਹੀ ਪੰਜਵੀਂ ਬਿਲਗਾ, ਜਲੰਧਰ। 23 ਹਾੜ ਸੰਮਤ, 1646 (ਜੂਨ, 1589 ਈ:) ਨੂੰ ਜਦ ਗੁਰੂ ਅਰਜਨ ਦੇਵ ਜੀ ਮਉ (ਮੌ) ਸਾਹਿਬ ਵਿਆਹੁਣ ਆਏ ਤਾਂ ਇਸ ਅਸਥਾਨ ‘ਤੇ ਸਮੇਤ ਬਰਾਤ ਕੁਝ ਸਮਾਂ ਵਿਸ਼ਰਾਮ ਕੀਤਾ ਤੇ ਨਵੇਂ ਵਸਤਰ ਧਾਰਨ ਕੀਤੇ। ਉਸ ਸਮੇਂ ਨਗਰ ਬਿਲਗਾ ‘ਝੌਪੜੀਆਂ’ ਦੇ ਰੂਪ ਵਿਚ ਸੀ। ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਇਤਿਹਾਸਕ ਯਾਦਗਾਰ ਦਾ ਨਿਰਮਾਣ ਕਰਵਾਇਆ। ਮਹਾਰਾਜਾ ਰਣਜੀਤ ਸਿੰਘ ਨੇ ਇਸ ਨਗਰ ਦੇ ਵਿਕਾਸ ਲਈ ਦੋ ਖੂਹ ਲਗਵਾਏ ਤੇ ਗੁਰੂ-ਘਰ ਦੇ ਨਾਮ ਕੁਝ ਜਗੀਰ ਵੀ ਅਰਪਨ ਕੀਤੀ। ਹੁਣ ਪੰਜ-ਮੰਜ਼ਲੀ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦੂਰੋਂ ਦਿਖਾਈ ਦਿੰਦੀ ਹੈ। ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਦੀਆਂ ਕੁਝ ਯਾਦਗਾਰੀ ਵਸਤਾਂ ਸੰਭਾਲੀਆਂ ਹੋਈਆਂ ਹਨ। ਗੁਰਦੁਆਰਾ ਸਾਹਿਬ ਦੀ ਇਕ ਮੰਜ਼ਲ ਵਿਚ ਅਜਾਇਬ ਘਰ ਤੇ ਲਾਇਬ੍ਰੇਰੀ ਵੀ ਬਣੀ ਹੋਈ ਹੈ। ਹਰ ਸਾਲ ਇਹ ਅਸਥਾਨ ‘ਤੇ ਸਾਲਾਨਾ ਜੋੜ ਮੇਲਾ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਹ ਇਤਿਹਾਸਕ ਅਸਥਾਨ ਜਲੰਧਰ-ਲੁਧਿਆਣਾ ਰੋਡ ‘ਤੇ ਸਥਿਤ ਕਸਬੇ ਫਿਲੌਰ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਫਿਲੌਰ-ਨਕੋਦਰ ਸੜਕ ‘ਤੇ ਸਥਿਤ ਹੈ। ਯਾਤਰੂਆਂ ਦੀ ਟਹਿਲ-ਸੇਵਾ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ।

ਵਧੇਰੇ ਜਾਣਕਾਰੀ 01826-45555, 45230 ਫ਼ੋਨ ਨੰਬਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Gurdwara Text Courtesy :- Dr. Roop Singh, Secretary S.G.P.C.