ਗੁਰਦੁਆਰਾ ਬੀੜ ਬਾਬਾ ਬੁੱਢਾ ਜੀ, ਠੱਠਾ

‘ਗੁਰਦੁਆਰਾ ਬੀੜ ਸਾਹਿਬ’, ਠੱਠਾ, ਗੁਰੂ-ਘਰ ਦੇ ਪ੍ਰੀਤਵਾਨ-ਪਰ ਸੇਵਕ, ਪ੍ਰਮੁੱਖ ਸਿੱਖ, ਬਾਬਾ ਬੁੱਢਾ ਜੀ ਦੀ ਯਾਦ ਵਿਚ ਸਸ਼ੋਭਿਤ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਅਕਬਰ ਬਾਦਸ਼ਾਹ ਨੇ ਚਿਤੌੜ ਦਾ ਕਿਲ੍ਹਾ ਫ਼ਤਹਿ ਹੋਣ ਦੀ ਖੁਸ਼ੀ ਵਿਚ ਬਹੁਤ ਸਾਰੀ ਜ਼ਮੀਨ ਗੁਰੂ ਘਰ ਨੂੰ ਭੇਂਟ ਕੀਤੀ। (ਸ੍ਰ: ਕਰਮ ਸਿੰਘ ਹਿਸਟੋਰੀਅਨ ਅਨੁਸਾਰ ਇਹ ਜ਼ਮੀਨ ਪੱਟੀ ਪਰਗਨੇ ਦੇ ਚੌਧਰੀ ਲੰਗਾਹ ਨੇ ਗੁਰੂ-ਘਰ ਨੂੰ ਪਸ਼ੂ ਚਾਰਨ ਲਈ ਭੇਂਟ ਕੀਤੀ ਸੀ) ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਜ਼ਮੀਨ (ਬੀੜ) ਬਾਬਾ ਬੁੱਢਾ ਜੀ ਦੇ ਸਪੁਰਦ ਕਰ ਦਿੱਤੀ। ਬਾਬਾ ਬੁੱਢਾ ਜੀ ਗੁਰੂ ਘਰ ਦੇ ਸਭ ਤੋਂ ਵੱਧ ਸਤਿਕਾਰਤ, ਬਜ਼ੁਰਗਵਾਰ-ਗੁਰਸਿੱਖ ਸਨ। ਬਾਬਾ ਬੁੱਢਾ ਜੀ ਨੇ ਬੀੜ ਸਾਹਿਬ ਦੇ ਅਸਥਾਨ ‘ਤੇ ਬਹੁਤ ਚਿਰ ਨਿਵਾਸ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਵੀ ਇਸ ਸਮੇਂ ਦੌਰਾਨ ਬਾਬਾ ਬੁੱਢਾ ਜੀ ਨੂੰ ਮਿਲਣ ਬੀੜ ਸਾਹਿਬ ਆਉਂਦੇ ਰਹੇ।

ਮਨੌਤ ਹੈ ਕਿ ਮਾਤਾ ਗੰਗਾ ਜੀ ਨੇ ਆਪਣੇ ਮਨ ਦੀ ਮੁਰਾਦ ਪੂਰੀ ਕਰਨ ਲਈ, ਬਾਬਾ ਬੁੱਢਾ ਜੀ ਤੋਂ ਅਸ਼ੀਰਵਾਦ ਦੀ ਮੰਗ ਕੀਤੀ। ਬਾਬਾ ਬੁੱਢਾ ਜੀ ਨੇ ਅਸ਼ੀਰਵਾਦ ਦਿੱਤਾ ਕਿ, ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਅਰਦਾਸ ਪੂਰੀ ਕਰੇਗਾ।

ਬਾਬਾ ਬੁੱਢਾ ਜੀ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ਸੁਭਾਇਮਾਨ ਹੈ, ਜਿਥੇ ਹਜ਼ਾਰਾਂ ਸ਼ਰਧਾਲੂ ਗੁਰੂ-ਘਰ ਦੀ ਚਰਨ-ਛੋਹ ਪ੍ਰਾਪਤ ਕਰਨ ਆਉਂਦੇ ਹਨ। ਇਹ ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ, ਠੱਠਾ (ਝਬਾਲ) ਦੇ ਨਾਮ ਨਾਲ ਪ੍ਰਸਿੱਧ ਹੈ। ਗੁਰਦੁਆਰਾ ਸਾਹਿਬ ਦੇ ਨਾਲ ਵਿਸ਼ਾਲ ਸੁੰਦਰ ਸਰੋਵਰ ਵੀ ਹੈ।

ਇਸ ਅਸਥਾਨ ‘ਤੇ ਪਹਿਲੀ-ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ, ਸ਼ਹੀਦੀ ਦਿਹਾੜਾ ਪੰਚਮ ਪਾਤਸ਼ਾਹੀ ਤੇ ਸਾਲਾਨਾ ਜੋੜ ਮੇਲਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ।

ਇਹ ਪਵਿੱਤਰ ਅਸਥਾਨ ਸ੍ਰੀ ਅੰਮ੍ਰਿਤਸਰ ਤੋਂ 22 ਕਿਲੋਮੀਟਰ, ਬੱਸ ਸਟੈਂਡ ਠੱਠਾ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਅੰਮ੍ਰਿਤਸਰ, ਖੇਮਕਰਨ, ਤਰਨ ਤਾਰਨ ਆਦਿ ਤੋਂ ਬੱਸ ਸਰਵਿਸ ਵੀ ਇਸ ਅਸਥਾਨ ਲਈ ਬਹੁਤ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਲਈ 15 ਕਮਰੇ ਹਨ।

 

Gurdwara Text Courtesy :- Dr. Roop Singh, Secretary S.G.P.C.