ਗੁਰਦੁਆਰਾ ਮੰਜੀ ਸਾਹਿਬ (ਅੰਬਾਲਾ)

ਗੁਰਦੁਆਰਾ ਮੰਜੀ ਸਾਹਿਬ (ਅੰਬਾਲਾ) ਹਰਿਆਣਾ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਵਾਰ ਇਥੇ ਮੁਬਾਰਕ ਚਰਨ ਪਾਏ । ਪਹਿਲੀ ਵਾਰ 1617 ਈ: ਵਿਚ ਬਾਦਸ਼ਾਹ ਜਹਾਂਗੀਰ ਨੂੰ ਦਿੱਲੀ ਮਿਲਣ ਜਾਣ ਸਮੇਂ ਤੇ ਦੂਸਰੀ ਵਾਰ ਦਿੱਲੀ ਤੋਂ ਵਾਪਸੀ ਸਮੇਂ ਗੁਰੂ ਜੀ ਨੇ ਇਥੇ ਕੁਝ ਸਮਾਂ ਨਿਵਾਸ ਕੀਤਾ। ਇਥੇ ਵੱਸਣ ਵਾਲੇ ਵਸਨੀਕਾਂ ਨੇ ਗੁਰੂ ਜੀ ਨੂੰ ਪਾਣੀ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਗੁਰੂ ਜੀ ਨੇ ਪਾਣੀ ਦੀ ਲੋੜ ਨੂੰ ਪੂਰਿਆਂ ਕਰਨ ਲਈ ਸੰਗਤੀ ਰੂਪ ਵਿਚ ਬਾਉਲੀ ਖੋਦਣ ਦੀ ਸਲਾਹ ਦਿੱਤੀ। ਦਿੱਲੀ ਤੋਂ ਵਾਪਸੀ ਸਮੇਂ ਗੁਰੂ ਜੀ ਇਹ ਜਾਣ ਕੇ ਬਹੁਤ ਖੁਸ਼ ਹੋਏ ਕਿ ਗੁਰੂ ਸਿੱਖਾਂ ਨੇ ਮੇਲ-ਮਿਲਾਪ ਨਾਲ ਬਾਉਲੀ ਖੋਦਣ ਦਾ ਕਾਰਜ ਸੰਪੂਰਨ ਕਰ ਲਿਆ ਹੈ।

ਗੁਰਦੇਵ ਪਿਤਾ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ‘ਮੰਜੀ’ ਦਾ ਨਿਰਮਾਣ ਕੀਤਾ ਜਿਸ ਤੋਂ ਇਸ ਪਵਿੱਤਰ ਅਸਥਾਨ ਦਾ ਨਾਂ ‘ਗੁਰਦੁਆਰਾ ਮੰਜੀ ਸਾਹਿਬ’ ਪ੍ਰਸਿੱਧ ਹੋਇਆ। ਗੁਰਦੁਆਰਾ ਸਾਹਿਬ ਵਿਖੇ ਪੁਰਾਤਨ ਬਾਉਲੀ ਹੋਣ ਕਰਕੇ ਇਸ ਅਸਥਾਨ ਨੂੰ ਗੁਰਦੁਆਰਾ ਬਾਉਲੀ ਸਾਹਿਬ ਵੀ ਕਿਹਾ ਜਾਂਦਾ ਹੈ।

ਮਿਸਲਾਂ ਦੇ ਰਾਜ ਕਾਲ ਸਮੇਂ ਨਿਸ਼ਾਨਵਾਲੀਆ ਮਿਸਲ ਦੇ ਸਰਦਾਰ, ਸਰਦਾਰ ਮਿਹਰ ਸਿੰਘ ਨੇ ਬਾਉਲੀ ਦੀ ਸਫਾਈ ਕਰਵਾਈ ਤੇ ਮੰਜੀ ਸਾਹਿਬ ਦੇ ਅਸਥਾਨ ‘ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ।

ਹੁਣ ਇਸ ਇਤਿਹਾਸਕ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਆਲੀਸ਼ਾਨ ਇਮਾਰਤ ਸ਼ੋਭਨੀਕ ਹੈ। ਗੁਰਦੁਆਰਾ ਸਾਹਿਬ ਦੇ ਨਾਲ ਸੁੰਦਰ ਸਰੋਵਰ ਹੈ।

‘ਗੁਰਦੁਆਰਾ ਮੰਜੀ ਸਾਹਿਬ ਅੰਬਾਲਾ’ ਹਰਿਆਣਾ ਰਾਜ ਦੇ ਪ੍ਰਮੁੱਖ ਸ਼ਹਿਰ ਅੰਬਾਲਾ ਦੇ ਰੇਲਵੇ ਸਟੇਸ਼ਨ ਤੋਂ ਦੋ ਕਿਲੋਮੀਟਰ ਤੇ ਬੱਸ ਸਟੈਂਡ ਅੰਬਾਲਾ ਤੋਂ 2½ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਅੰਬਾਲਾ ਉੱਤਰੀ ਰੇਲਵੇ ਦਾ ਅੰਮ੍ਰਿਤਸਰ-ਦਿੱਲੀ, ਚੰਡੀਗੜ੍ਹ-ਦਿੱਲੀ ਆਦਿ ਰੇਲਵੇ ਲਾਈਨਾਂ ਦਾ ਪ੍ਰਮੁੱਖ ਸਟੇਸ਼ਨ ਹੈ। ਅੰਮ੍ਰਿਤਸਰ-ਅੰਬਾਲਾ-ਦਿੱਲੀ ਸ਼ਾਹਰਾਹ ‘ਤੇ ਅੰਬਾਲਾ ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਗੁਰਦੁਆਰਾ ਸਾਹਿਬ ਦੀ ਦੁੱਧ ਚਿੱਟੀ ਇਮਾਰਤ ਤੇ ਕੇਸਰੀ ਪਰਚਮ ਦੇ ਦਰਸ਼ਨ ਹੁੰਦੇ ਹਨ। ਅੰਬਾਲਾ ਸ਼ਹਿਰ ਵਿਚ ਨਿਮਨਲਿਖਤ ਇਤਿਹਾਸਕ ਅਸਥਾਨ ਦਰਸ਼ਨ ਕਰਨ ਯੋਗ ਹਨ:-

· ਗੁਰਦੁਆਰਾ ਸੀਸ ਗੰਜ ਸਾਹਿਬ
· ਗੁਰਦੁਆਰਾ ਬਾਦਸ਼ਾਹੀ ਬਾਗ
· ਗੁਰਦੁਆਰਾ ਗੋਬਿੰਦ ਪੁਰਾ
· ਗੁਰਦੁਆਰਾ ਸ੍ਰੀ ਸਤਿ ਸੰਗਤ ਸਾਹਿਬ

ਇਸ ਇਤਿਹਾਸਕ ਅਸਥਾਨ ‘ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਦਿਹਾੜਾ ਬਹੁਤ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਵੀ 10 ਕਮਰੇ ਹਨ। ਵਧੇਰੇ ਜਾਣਕਾਰੀ 0171-446949 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Gurdwara Text Courtesy :- Dr. Roop Singh, Secretary S.G.P.C.