ਗੁਰਦੁਆਰਾ ‘ਸ਼ਹੀਦ ਗੰਜ’ ਬਾਬਾ ਦੀਪ ਸਿੰਘ ਜੀ ਸ਼ਹੀਦ

ਇਹ ਪਾਵਨ ਪਵਿੱਤਰ ਅਸਥਾਨ, ਪਹੁਵਿੰਡ ਦੇ ਜੰਮਪਲ, ਮਿਸਲ ਸ਼ਹੀਦਾਂ ਦੇ ਮੁਖੀ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਪਹਿਲੇ ਜਥੇਦਾਰ, ਗੁਰਬਾਣੀ ਲਿਖਣੀ ਲਿਖਾਉਣ/ਵਿਆਖਿਆ ਦੀ ਅਮੋਲਕ ਸੇਵਾ ਕਰਾਉਣ, ਅਨੇਕਾਂ ਧਰਮ ਯੁੱਧਾਂ ਵਿਚ ਜਾਨ ਹਥੇਲੀ ‘ਤੇ ਰੱਖ ਕੇ ਲੜਨ ਵਾਲੇ, ਸਿਰਲੱਥ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਅਮਰ ਯਾਦਗਾਰ ਵਜੋਂ ਸੁਭਾਇਮਾਨ ਹੈ। ਧਰਮਵੀਰ, ਸ਼ਹੀਦ ਬਾਬਾ ਦੀਪ ਸਿੰਘ ਜੀ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰਤਾ ਤੇ ਇਤਿਹਾਸਕਤਾ ਨੂੰ ਕਾਇਮ ਰੱਖਣ ਲਈ 11 ਨਵੰਬਰ, 1757 ਨੂੰ ਅਹਿਮਦ ਸ਼ਾਹ ਦੁਰਾਨੀ ਦੇ ਫ਼ੌਜਦਾਰ ਜਹਾਨ ਖਾਂ ਨਾਲ ਘਮਸਾਨ ਦਾ ਯੁੱਧ ਕਰਦੇ ਹੋਏ, ਆਪਣੇ ਸੈਂਕੜੇ ਸਿਰਲੱਥ ਯੋਧਿਆਂ ਸਮੇਤ ਸ਼ਹੀਦ ਹੋਏ ਤੇ ਸ੍ਰੀ ਅੰਮ੍ਰਿਤਸਰ ਨੂੰ ਦੁਰਾਨੀ ਹਮਲਾਵਰ ਤੋਂ ਮੁਕਤ ਕਰਵਾਇਆ। ਪੰਥ ਦੀ ਵਡਮੁੱਲੀ ਸੇਵਾ ਕਰਨ ਵਾਲੇ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਸ਼ਹੀਦ ਦੀ ਯਾਦ ਵਿਚ ਸ੍ਰ: ਜੱਸਾ ਸਿੰਘ ਰਾਮਗੜ੍ਹੀਏ ਨੇ ‘ਸ਼ਹੀਦ ਗੰਜ’ ਦੀ ਸਿਰਜਣਾ ਕਰਵਾਈ, ਜਿਥੇ ਬਾਬਾ ਦੀਪ ਸਿੰਘ ਦਾ ਅੰਤਮ ਸਸਕਾਰ ਕੀਤਾ ਗਿਆ ਸੀ। ਪੰਥ ਦੇ ਜਹਾਨ ਜਰਨੈਲ, ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ‘ਸ਼ਹੀਦ ਗੰਜ’ ਨੂੰ ਯਾਦਗਾਰੀ ਗੁਰਦੁਆਰੇ ਦੇ ਰੂਪ ਵਿਚ ਵਿਕਸਤ ਕੀਤਾ, ਜਿਸ ਦਾ ਪਹਿਲਾਂ ਪ੍ਰਬੰਧ ਸ਼ਹੀਦ ਮਿਸਲ ਦਾ ਸਿਰਦਾਰ ਕਰਦੇ। 31 ਅਕਤੂਬਰ 1924 ਈ: ਨੂੰ ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ, ਜਿਸ ਨੇ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ’ ਦੀ ਇਮਾਰਤ ਨੂੰ ਆਧੁਨਿਕ ਸਰੂਪ ਪ੍ਰਦਾਨ ਕੀਤਾ। ਇਹ ਇਤਿਹਾਸਕ ਯਾਦਗਾਰੀ ਅਸਥਾਨ ਚਾਟੀਵਿੰਡ ਗੇਟ ਦੇ ਨਜ਼ਦੀਕ ਪਵਿੱਤਰ ਤੇ ਇਤਿਹਾਸਕ ਸ਼ਹਿਰ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਹੈ। ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰ: ਕਮੇਟੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਰਾਹੀਂ ਕਰਦੀ ਹੈ। ਇਸ ਅਸਥਾਨ ‘ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਤੇ ਸ਼ਹੀਦੀ ਦਿਹਾੜਾ ਹਰ ਸਾਲ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਰੋਜ਼ਾਨਾ ਇਸ ਅਸਥਾਨ ‘ਤੇ ਸ਼ਰਧਾ-ਸਤਿਕਾਰ ਸਹਿਤ ਆਉਂਦੀਆਂ ਹਨ। ਹਰ ਐਤਵਾਰ ਵਿਸ਼ੇਸ਼ ਸਮਾਗਮ ਹੁੰਦਾ ਹੈ। ਵਧੇਰੇ ਜਾਣਕਾਰੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ 0183-2553953, 2545474, 2553957,58,59 ਫੋਨ ਨੰਬਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.