sਅੰਮ੍ਰਿਤਸਰ : 15 ਜਨਵਰੀ (        ) ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਸਮੇਂ ਸ਼ਰਧਾ ਤੇ ਸਤਿਕਾਰ ਸਭ ਤੋਂ ਪ੍ਰਥਮ ਹੈ, ਜਿਸਦਾ ਪਾਲਣ ਕਰਨਾ ਗੁਰੂ ਘਰ ਦੇ ਹਰ ਸੇਵਾਦਾਰ ਲਈ ਅਤੀ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਹਾਜੀਰਤਨ ਸਾਹਿਬ ਬਠਿੰਡਾ ਦੇ ਇਕ ਸੇਵਾਦਾਰ ਵੱਲੋਂ ਗੋਲਕ ‘ਤੇ ਚੜ੍ਹਨ ਦਾ ਮਾਮਲਾ ਸਾਹਮਣੇ ਆਉਣ ‘ਤੇ ਕੀਤਾ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਬੀਤੇ ਕੱਲ੍ਹ ਗੁਰਦੁਆਰਾ ਹਾਜੀਰਤਨ ਬਠਿੰਡਾ ਵਿਖੇ ਤਲਵਿੰਦਰ ਸਿੰਘ ਨਾਂ ਦੇ ਇਕ ਸੇਵਾਦਾਰ ਦੇ ਗੋਲਕ ‘ਤੇ ਚੜ੍ਹਨ ਦੀ ਗੱਲ ਸਾਹਮਣੇ ਆਉਣ ਉਪਰੰਤ ਸਬੰਧਤ ਸੇਵਾਦਾਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਲਈ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਫਲਾਇੰਗ ਵਿਭਾਗ ਦੇ ਮੀਤ ਸਕੱਤਰ ਸ. ਸਕੱਤਰ ਸਿੰਘ ਅਤੇ ਇੰਚਾਰਜ ਸ. ਕੁਲਦੀਪ ਸਿੰਘ ਦੀ ਡਿਊਟੀ ਲਗਾ ਦਿੱਤੀ ਗਈ ਹੈ, ਜੋ ਇਸ ਸਬੰਧੀ ਮੁਕੰਮਲ ਰਿਪੋਰਟ ਪੇਸ਼ ਕਰਨਗੇ।
ਉਨ੍ਹਾਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਸੇਵਾਦਾਰਾਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਆਪੋ-ਆਪਣੀ ਡਿਊਟੀ ਨਿਯਮਾਂ ਵਿਚ ਰਹਿੰਦਿਆਂ ਸਤਿਕਾਰ ਦੀ ਭਾਵਨਾ ਨਾਲ ਕੀਤੀ ਜਾਵੇ।