ਗੁਰਦੁਆਰਾ ਸ੍ਰੀ ਗਰਨਾ ਸਾਹਿਬ (ਹੁਸ਼ਿਆਰਪੁਰ)

ਇਹ ਪਾਵਨ ਅਸਥਾਨ ਮੀਰੀ-ਪੀਰੀ ਦੇ ਮਾਲਕ ਸਤਿਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਹੈ । ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਤੋਂ ਸ਼ਿਕਾਰ ਖੇਡਦੇ ਬੋਦਲ ਪਿੰਡ ਦੇ ਨਜ਼ਦੀਕ ਪਹੁੰਚੇ ਤੇ ਕੁਝ ਸਮੇਂ ਲਈ ਗਰਨੇ ਦੇ ਦਰਖ਼ਤ ਹੇਠ ਬਿਰਾਜੇ । ਇਹ ਇਲਾਕਾ ਉਸ ਸਮੇਂ ਗਰਨੇ ਦੇ ਦਰਖ਼ਤਾਂ ਨਾਲ ਭਰਪੂਰ ਸੀ । ਇਸ ਅਸਥਾਨ ‘ਤੇ ਹੀ ਗੁਰੂ ਜੀ ਨੇ ਪਿੰਡ ਬੋਦਲ ਦੇ ‘ਚੂਹੜ ਮਿਰਾਸੀ’ ਨੂੰ ਰੱਬੀ ਬਾਣੀ ਦਾ ਕੀਰਤਨ ਕਰਨ ਲਈ ਕਿਹਾ ਅਤੇ ਉਸ ਨੂੰ ਕੀਰਤਨ ਕਰਨ ਲਈ ਗੁਰੂ ਜੀ ਨੇ ਰਬਾਬ ਦੀ ਬਖਸ਼ਿਸ਼ ਕੀਤੀ । ਗੁਰੂ ਜੀ ਇਥੋਂ ਹਰਿਗੋਬਿੰਦਪੁਰ ਦੇ ਅਸਥਾਨ ‘ਤੇ ਪਹੁੰਚੇ । ਇਸ ਅਸਥਾਨ ਦੀ ਸੇਵਾ ਪਹਿਲਾਂ ਸਰਦਾਰ ਜੋਧ ਸਿੰਘ ਨੇ ਕਰਵਾਈ। ਕਾਫੀ ਸਮਾਂ ਇਹ ਅਸਥਾਨ ਨਿਹੰਗ ਸਿੰਘਾਂ ਦਾ ਪੜਾਅ ਰਿਹਾ । ਨਿਹੰਗ ਸਿੰਘ ਹੀ ਗੁਰ-ਅਸਥਾਨ ਦੀ ਸੇਵਾ-ਸੰਭਾਲ ਕਰਦੇ ਸਨ । ਹੁਣ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ । ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ 1974 ਈ: ਵਿਚ ਬਣਾਈ ਗਈ ਸੀ ।

ਇਸ ਅਸਥਾਨ ‘ਤੇ ਪਹਿਲੀ, ਪੰਜਵੀਂ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ ਤੇ ਵਿਸਾਖੀ ਦਾ ਦਿਹਾੜਾ ਵਿਸ਼ੇਸ਼ ਤੌਰ ‘ਤੇ ਮਨਾਏ ਜਾਂਦੇ ਹਨ । ਇਹ ਇਤਿਹਾਸਕ ਅਸਥਾਨ ਪਿੰਡ ਬੋਦਲ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ, ਦਸੂਹਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ‘ਤੇ ਜਲੰਧਰ-ਪਠਾਨਕੋਟ ਰੋਡ ‘ਤੇ ਸਥਿਤ ਹੈ । ਨੇੜੇ ਹੀ ਗੁਰਦੁਆਰਾ ਟੱਕਰ ਸਾਹਿਬ ਨਾਨਕ ਦਰਬਾਰ ਦਰਸ਼ਨ ਕਰਨ ਯੋਗ ਹੈ ।

ਯਾਤਰੂਆਂ ਲਈ ਲੰਗਰ-ਪ੍ਰਸ਼ਾਦਿ ਤੇ ਰਹਾਇਸ਼ ਦਾ ਪ੍ਰਬੰਧ ਵਧੀਆ ਹੈ । ਰਿਹਾਇਸ਼ ਵਾਸਤੇ 15 ਕਮਰੇ ਬਣੇ ਹੋਏ ਹਨ । ਵਧੇਰੇ ਜਾਣਕਾਰੀ ਲਈ 01883-51062 ਨੰਬਰ ‘ਤੇ ਫੋਨ ਕੀਤਾ ਜਾ ਸਕਦਾ ਹੈ ।

Gurdwara Text Courtesy :- Dr. Roop Singh, Secretary S.G.P.C.