ਸ਼੍ਰੋਮਣੀ ਕਮੇਟੀ ਨੇ ਨਗਰ ਕੀਰਤਨ ਦੇ ਅੰਮ੍ਰਿਤਸਰ ਦੇ ਰੂਟ ਦੀ ਨਵੇਂ ਸਿਰਿਉਂ ਰੂਪ ਰੇਖਾ ਉਲੀਕੀ

ਅੰਮ੍ਰਿਤਸਰ : 17 ਮਈ (       ) ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਯਾਤਰਾ ਨਗਰ ਕੀਰਤਨ ਦੇ ਅੰਮ੍ਰਿਤਸਰ ਪਹੁੰਚਣ ‘ਤੇ ਸਵਾਗਤ ਦੇ ਪ੍ਰਬੰਧਾਂ ਸਬੰਧੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦਫਤਰ ਦੇ ਮੀਟਿੰਗ ਹਾਲ ਵਿਚ ਹੋਈ। ਇਸ ਮੀਟਿੰਗ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿ: ਜਗਤਾਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ। ਮੀਟਿੰਗ ਵਿਚ ਧਾਰਮਿਕ ਦਰਸ਼ਨ ਯਾਤਰਾ ਦਾ ਨਗਰ ਕੀਰਤਨ ਜੋ 21 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚ ਰਿਹਾ ਹੈ, ਦੇ ਸਵਾਗਤ ਅਤੇ ਠਹਿਰਾਉ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਤੋਂ ਇਲਾਵਾ ਸੰਗਤਾਂ ਦੀ ਵੱਡੀ ਆਮਦ ਨੂੰ ਵੇਖਦਿਆਂ ਪੁਖਤਾ ਪ੍ਰਬੰਧਾਂ ਦੀ ਵਿਉਂਤਬੰਦੀ ਕੀਤੀ ਗਈ।

ਮੀਟਿੰਗ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਜਥੇਦਾਰ ਗਿ: ਗੁਰਬਚਨ ਸਿੰਘ ਕਿਹਾ ਕਿ ਸਾਨੂੰ ਵੱਡੇ ਭਾਗਾਂ ਨਾਲ ਗੁਰੂ ਸਾਹਿਬਾਨ ਨਾਲ ਸਬੰਧਤ ਪਾਵਨ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਰਸ਼ਨ ਯਾਤਰਾ ਨਾਲ ਇਕ ਤਾਂ ਸੰਗਤਾਂ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੀਆਂ ਹਨ ਅਤੇ ਦੂਸਰਾ ਇਸ ਨਾਲ ਸਿੱਖੀ ਪ੍ਰਚਾਰ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਜਿਨ੍ਹਾਂ ਵਿਚ ਸ਼ਸਤਰ, ਸ਼ਾਸਤਰ ਅਤੇ ਬਸਤਰ ਸ਼ਾਮਲ ਹਨ ਦੀ ਦਰਸ਼ਨ ਯਾਤਰਾ ਲਈ ਸਾਰੇ ਪੰਜਾਬ ਭਰ ਦੀਆਂ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਦਰਸ਼ਨ ਲਈ ਪਹੁੰਚ ਰਹੀਆਂ ਹਨ। ਉਨ੍ਹਾਂ ਦਰਸ਼ਨ ਯਾਤਰਾ ਨਗਰ ਕੀਰਤਨ ਦੇ ਅੰਮ੍ਰਿਤਸਰ ਪਹੁੰਚਣ ‘ਤੇ ਹਰ ਤਰ੍ਹਾਂ ਦੇ ਢੁਕਵੇਂ ਪ੍ਰਬੰਧ ਕਰਨ ਦੇ ਨਾਲ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਸਵਾਗਤ ਅਤੇ ਦਰਸ਼ਨ ਕਰਨ ਲਈ ਹੁੰਮ ਹਮਾ ਕੇ ਪਹੁੰਚਣ ਲਈ ਕਿਹਾ। ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਕਿਹਾ ਹੈ ਕਿ ਜਿਸ ਰੂਟ ਰਾਹੀਂ ਇਹ ਨਗਰ ਕੀਰਤਨ ਆਵੇ, ਸੰਗਤਾਂ ਆਪੋ ਆਪਣੇ ਘਰਾਂ, ਦੁਕਾਨਾਂ ਤੇ ਮਾਰਗ ‘ਤੇ ਵਿਸ਼ੇਸ਼ ਸਵਾਗਤ ਤੇ ਰੋਸਨਿ ਦਾ ਪ੍ਰਬੰਧ ਕਰਨ। ਗਰਮੀ ਦਾ ਮੌਸਮ ਹੋਣ ਕਾਰਨ ਛਬੀਲਾਂ ਤੇ ਲੰਗਰ ਆਦਿ ਦੁਅਰਾ ਸੰਗਤਾਂ ਦੀ ਸੇਵਾ ਕੀਤੀ ਜਾਵੇ।

ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ ਤੇ ਸਕੱਤਰ ਸ. ਰੂਪ ਸਿੰਘ ਨੇ ਕਿਹਾ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਦਰਸ਼ਨ ਯਾਤਰਾ ਦਾ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ ਅਤੇ ਸਵਾਗਤੀ ਪ੍ਰਬੰਧ ਵੀ ਆਦਰਸ਼ਕ ਹੋਣਗੇ। 

ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਰਸ਼ਨ ਯਾਤਰਾ ਦੇ ਨਗਰ ਕੀਰਤਨ ਦਾ ਵੱਲਾ ਬਾਈਪਾਸ ਪਹੁੰਚਣ ਤੇ ਨਿਘੇ ਸਵਾਗਤ ਲਈ ਵਿਸ਼ੇਸ਼ ਤੌਰ ਤੇ ਆਰਮੀ ਬੈਂਡ ਸਮੇਤ ਹੋਰ ਵਿਸ਼ੇਸ਼ ਬੈਂਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਣ ‘ਤੇ ਜਲ੍ਹਿਆਂ ਵਾਲੇ ਬਾਗ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਾਲਾਜਾ ਤੀਕ ਰੈੱਡ ਕਾਰਪੈਟ ਵਿਛਾਇਆ ਜਾਵੇਗਾ ਅਤੇ ਇਸ ਮਾਰਗ ਨੂੰ ਵਿਸ਼ੇਸ਼ ਤੌਰ ਤੇ ਲਾਈਟਾਂ ਨਾਲ ਸਜਾਇਆ ਜਾਵੇਗਾ। ਸੰਗਤਾਂ ਵੱਲੋਂ ਦਰਸ਼ਨ ਕਰਨ ਲਈ ਜਿਸ ਸਥਾਨ ਤੇ ਪਾਵਨ ਨਿਸ਼ਾਨੀਆਂ ਵਾਲੀ ਬੱਸ ਦਾ ਠਹਿਰਾਉ ਹੋਏਗਾ, ਉਥੇ ਸੰਗਤਾਂ ਦੀ ਸਹੂਲਤ ਲਈ ਨਿਸ਼ਾਨੀਆਂ ਦੇ ਦਰਸ਼ਨਾਂ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ। ਵਿਸ਼ੇਸ਼ ਤੌਰ ਤੇ ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ।

ਇਹ ਨਗਰ ਕੀਰਤਨ ਜੋ ਅੰਮ੍ਰਿਤਸਰ 22 ਅਤੇ 23 ਮਈ ਨੂੰ ਠਹਿਰਨਾ ਸੀ, ਦੇ ਪ੍ਰਗਰਾਮ ਵਿਚ ਤਬਦੀਲੀ ਕੀਤੀ ਗਈ ਹੈ। ਮੀਟਿੰਗ ਦੌਰਾਨ ਦਰਸ਼ਨ ਯਾਤਰਾ ਨਗਰ ਕੀਤਰਨ ਦੇ ਅੰਮ੍ਰਿਤਸਰ ਸ਼ਹਿਰ ਵਿਚਲੇ ਰੂਟ ਦੀ ਰੂਪ ਰੇਖਾ ਵੀ ਉਲੀਕੀ ਗਈ ਹੈ। 21 ਮਈ ਦੀ ਸ਼ਾਮ ਨੂੰ ਮਹਿਤਾ ਚੌਂਕ ਤੋਂ ਵੱਲਾ ਬਾਈਪਾਸ ਰਾਹੀਂ ਜਲੰਧਰ ਬਾਈਪਾਸ ਚੌਂਕ, ਸੌਫੁੱਟੀ ਰੋਡ ਤੋਂ ਸੁਲਤਾਨਵਿੰਡ ਰੋਡ, ਘਿਉ ਮੰਡੀ ਚੌਂਕ ਤੋਂ ਜਲ੍ਹਿਆਂ ਵਾਲਾ ਬਾਗ ਤੇ ਪਲਾਜਾ ਸ੍ਰੀ ਦਰਬਾਰ ਸਾਹਿਬ ਪੁੱਜੇਗਾ, ਜਿਥੇ ਰਾਤ ਦਾ ਠਹਿਰਾਉ ਹੋਏਗਾ। 22 ਮਈ ਨੂੰ ਸਵੇਰੇ 7 ਵਜੇ ਸ੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋ ਕੇ ਰਿਆਲਟੋ ਚੌਂਕ, ਅਜਨਾਲਾ ਰੋਡ, ਗੁਮਟਾਲਾ, ਰਾਜਾਸਾਂਸੀ, ਹਰਸ਼ਾ ਛੀਨਾ ਤੋਂ ਅਜਨਾਲਾ ਸ਼ਹਿਰ ਪੁਜੇਗਾ। ਅਜਨਾਲਾ ਤੋਂ ਚੋਗਾਵਾਂ, ਰਾਮ ਤੀਰਥ, ਖਾਸਾ ਅਤੇ ਰਾਤ ਦਾ ਵਿਸ਼ਰਾਮ ਗੁਰਦੁਅਰਾ ਪਾ: ਛੇਵੀਂ ਛੇਹਰਟਾ ਸਾਹਿਬ ਹੋਵੇਗਾ। 23 ਮਈ ਨੂੰ ਛੇਹਰਟਾ ਸਾਹਿਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਚੌਂਕ ਇਸਲਾਮਾਬਾਦ, ਲਾਹੌਰੀ ਗੇਟ ਤੋਂ ਗੁਰਦੁਅਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਰਾਹੀਂ ਸ੍ਰੀ ਦਰਬਾਰ ਸਾਹਿਬ ਰਾਤ ਦਾ ਠਹਿਰਾਉ ਹੋਏਗਾ। 24 ਮਈ ਨੂੰ ਸਵੇਰੇ 7 ਵਜੇ ਆਰੰਭ ਹੋ ਕੇ ਘਿਉ ਮੰਡੀ ਰਾਹੀਂ ਬੱਸ ਅੱਡਾ, ਚੌਂਕ ਹੁਸੈਨਪੁਰਾ, ਮਜੀਠਾ ਰੋਡ, ਬਾਈਪਾਸ ਰਾਹੀਂ ਕੱਥੂਨੰਗਲ ਤੋਂ ਬਟਾਲਾ ਪੁਜੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੱੈੱਡ ਗ੍ਰੰਥੀ ਗਿ: ਜਗਤਾਰ ਸਿੰਘ, ਅਕਾਲੀ ਆਗੂ ਸ. ਵੀਰ ਸਿੰਘ ਲੋਪੋਕੇ, ਸ. ਉਪਕਾਰ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਦੇ ਅੰਤਿੰ੍ਰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੈਂਬਰਾਨ ਸ. ਸ. ਮਗਵਿੰਦਰ ਸਿੰਘ ਖਾਪੜਖੇੜੀ, ਸ. ਅਮਰੀਕ ਸਿੰਘ ਵਿਛੋਆ, ਬੀਬੀ ਕਿਰਨਜੋਤ ਕੌਰ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ, ਐਡੀ: ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਰਣਜੀਤ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਬਿਜੈ ਸਿੰਘ ਤੇ ਸ. ਜਸਪਾਲ ਸਿੰਘ, ਮੀਤ ਸਕੱਤਰ ਸ. ਭੁਪਿੰਦਰਪਾਲ ਸਿੰਘ, ਸ. ਜਗਜੀਤ ਿਸੰਘ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਗੁਰਚਰਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ, ਐਡੀ: ਮੈਨੇਜਰ ਸ. ਜਤਿੰਦਰ ਸਿੰਘ, ਸ. ਸਤਨਾਮ ਸਿੰਘ ਤੇ ਸ. ਹਰਜਿੰਦਰ ਸਿੰਘ, ਸੁਪਿੰ੍ਰਟੈਂਡੈਂਟ ਸ. ਸਤਨਾਮ ਸਿੰਘ ਤੇ ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।