ਅੰਮ੍ਰਿਤਸਰ, 27 ਮਾਰਚ 2017- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰੀ ਵਫਦ ਵੱਲੋਂ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਨਾਲ ਮੁਲਾਕਾਤ ਕੀਤੀ ਗਈ। ਇਸ ਵਫਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ, ਮੈਂਬਰ ਬੀਬੀ ਹਰਜਿੰਦਰ ਕੌਰ, ਸਕੱਤਰ ਡਾ. ਰੂਪ ਸਿੰਘ ਅਤੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਸ਼ਾਮਿਲ ਸਨ। ਇਸ ਵਫਦ ਨੇ ਇੱਕ ਮੈਮੋਰੰਡਮ ਰਾਜਪਾਲ ਨੂੰ ਸੌਂਪਿਆ ਜਿਸ ਵਿਚ ਮੰਗ ਕੀਤੀ ਗਈ ਕਿ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਨੂੰ ਖਤਮ ਕੀਤਾ ਜਾਵੇ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਪਲਾਟ-੬, ਸੈਕਟਰ ੨੭-ਬੀ, ਚੰਡੀਗੜ੍ਹ ‘ਤੇ ਲਾਏ ਗਏ ਭਾਰੀ ਜੁਰਮਾਨੇ ਨੂੰ ਮਾਫ ਕਰ ਕੇ ਵਾਪਿਸ ਕੀਤਾ ਜਾਵੇ ਅਤੇ ਅੱਗੇ ਤੋਂ ਪ੍ਰਾਪਰਟੀ ਟੈਕਸ ਤੋਂ ਮੁਕਤ ਕੀਤਾ ਜਾਵੇ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਰਾਜਪਾਲ ਨੂੰ ਦੱਸਿਆ ਕਿ ਪੰਜਾਬ ਦੀ ਧਰਤੀ ਗੁਰੂਆਂ ਮਹਾਂਪੁਰਖਾਂ ਦੀ ਚਰਨ ਛੋਹ ਨਾਲ ਪਵਿੱਤਰ ਹੈ ਅਤੇ ਇਥੋਂ ਦੇ ਵਾਸੀਆਂ ਦੀ ਮਾਂ ਬੋਲੀ ਪੰਜਾਬੀ ਹੈ। ਦੇਸ਼ ਦੀ ਵੰਡ ਤੇ ਪ੍ਰਾਂਤਕ ਵੰਡ ਤੋਂ ਪਹਿਲਾਂ ਇਹ ਸਮੁੱਚਾ ਇਲਾਕਾ ਪੰਜਾਬੀ ਬੋਲਦਾ ਸੀ। ਪਰ ਅੱਜ ਪੰਜਾਬ ਤੋਂ ਅਲੱਗ ਹੋਏ ਪ੍ਰਾਂਤ ਹਰਿਆਣਾ ਅਤੇ ਕੇਂਦਰੀ ਪ੍ਰਦੇਸ਼ ਚੰਡਗੜ੍ਹ ਵਿਚ ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਇੱਥੋਂ ਦੇ ੯੦ ਫੀਸਦੀ ਵਾਸੀ ਪੰਜਾਬੀ ਬੋਲਦੇ ਹਨ। ਇਸ ਲਈ ਚੰਡੀਗੜ੍ਹ ਵਿਚ ਪੰਜਾਬੀ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਜੋ ਗੁਰਦੁਆਰਾ ਐਕਟ ੧੯੨੫ ਅਧੀਨ ਰਹਿ ਕੇ ਕੰਮ ਕਰਦੀ ਹੈ। ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਚੰਡੀਗੜ੍ਹ ਦੀ ਦੇਖ-ਰੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਕੀਤੀ ਜਾਂਦੀ ਹੈ। ਇਸ ਦੀ ਇਮਾਰਤ ੧੯੮੨ ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਸਾਹਿਬਾਨ ਵਿਚ ਹਰ ਇੱਕ ਲਈ ਮੁਫਤ ਲੰਗਰ, ਰਿਹਾਇਸ਼, ਲਾਇਬ੍ਰੇਰੀ ਅਤੇ ਡਿਸਪੈਂਸਰੀ ਦਾ ਪ੍ਰਬੰਧ ਹੁੰਦਾ ਹੈ। ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਦੀ ਇਮਾਰਤ ਵੀ ਲੋਕ ਭਲਾਈ ਦੇ ਕੰਮਾਂ ਲਈ ਵਰਤੀ ਜਾਂਦੀ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਵਪਾਰਿਕ ਕੰਮ ਨਹੀਂ ਕੀਤਾ ਜਾਂਦਾ। ਪਰ ਮਿਊਂਸਪਿਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸਾਲ ੨੦੦੪ ਤੋਂ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਨੂੰ ਭਾਰੀ ਮਾਤਰਾ ਵਿਚ ਪ੍ਰਾਪਟੀ ਟੈਕਸ ਲਗਾ ਕੇ ਪੱਤਰ ਭੇਜੇ ਜਾ ਰਹੇ ਹਨ। ਜਦੋਂ ਕਿ ਪੰਜਾਬ ਸਰਕਾਰ ਦੇ ੧੭-੦੮-੧੯੯੩ ਦੇ ਗਜ਼ਟ ਰਾਹੀਂ ਸਥਾਨਕ ਸਰਕਾਰਾ ਵਲੋਂ ਮਸਜਿਦ, ਮੰਦਰ, ਚਰਚ, ਧਰਮਸ਼ਾਲਾ ਅਤੇ ਗੁਰਦੁਆਰੇ ਨੂੰ ਪੂਰਨ ਤੌਰ ‘ਤੇ ਪ੍ਰਾਪਰਟੀ ਟੈਕਸ ਤੋਂ ਛੋਟ ਦਿੱਤੀ ਹੋਈ ਹੈ। ਲੇਕਿਨ ਕਾਰਪੋਰੇਸ਼ਨ ਵਲੋਂ ਭਾਰੀ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜੁਰਮਾਨੇ ਨੂੰ ਮਾਫ ਕਰਕੇ ਵਾਪਿਸ ਕਰਨ ਅਤੇ ਅੱਗੇ ਤੋਂ ਪ੍ਰਾਪਟੀ ਟੈਕਸ ਨਾ ਲਗਾਉਣ ਦੀ ਮੰਗ ਕੀਤੀ ਗਈ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਨੁਸਾਰ ਮਾਨਯੋਗ ਰਾਜਪਾਲ ਵੀ.ਪੀ ਬਦਨੋਰ ਨੇ ਉਨ੍ਹਾਂ ਦੇ ਮਸਲਿਆਂ ਨੂੰ ਸੁਣਕੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।