ਅੰਮ੍ਰਿਤਸਰ ੨੭ ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕੀ ਸਫ਼ਾਰਤਖਾਨੇ ਵੱਲੋਂ ਭਾਜਪਾ ਸੰਸਦ ਮੈਂਬਰ ਸ. ਵਰਿੰਦਰ ਸਿੰਘ ਨੂੰ ਦਸਤਾਰ ਉਤਾਰੇ ਜਾਣ ਲਈ ਮਜਬੂਰ ਕਰਨ ‘ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।  
 ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਰਵਾਇਤੀ ਸ਼ਾਨ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਉਸ ਦੀ ਪਹਿਚਾਣ ਵੀ ਹੈ, ਜੋ ਕਦਾਚਿਤ ਵੀ ਉਤਾਰੀ ਨਹੀਂ ਜਾ ਸਕਦੀ।ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ ਤੇ ਇਸ ਨੇ ਅਮਰੀਕਾ ਦੀ ਆਰਥਿਕ ਤਰੱਕੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਸਿੱਖ ਅਮਰੀਕਾ ਵਿੱਚ ਸਨਮਾਨਯੋਗ ਅਹੁਦਿਆਂ ‘ਤੇ ਤਾਇਨਾਤ ਵੀ ਹਨ।ਉਨ੍ਹਾਂ ਕਿਹਾ ਕਿ ਬਾਰ-ਬਾਰ ਅਮਰੀਕਾ ਸਫ਼ਾਰਤਖਾਨੇ ਵੱਲੋਂ ਸਿੱਖਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ ਉੱਚਿਤ ਨਹੀਂ ਹੈ।
ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਕਿਹਾ ਕਿ ਉਹ ਅਮਰੀਕਾ ਦੇ ਸਫ਼ਾਰਤਖਾਨੇ ਨਾਲ ਗੱਲਬਾਤ ਕਰਕੇ ਸਿੱਖਾਂ ਦੀ ਸਖ਼ਸ਼ੀਅਤ, ਰਹਿਣੀ-ਬਹਿਣੀ ਅਤੇ ਪਹਿਰਾਵੇ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਅਮਰੀਕੀ ਸਫ਼ਾਰਤਖਾਨੇ ਵੱਲੋਂ ਬਾਰ-ਬਾਰ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਮਜਬੂਰ ਨਾ ਕੀਤਾ ਜਾਵੇ।