Pardan Jiਅੰਮ੍ਰਿਤਸਰ 6 ਫਰਵਰੀ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸਿੱਖਾਂ ਦੀ ਸ਼ਲਾਘਾ ਕਰਨ ਦਾ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਓਬਾਮਾ ਵੱਲੋਂ ਸਿੱਖ ਭਾਈਚਾਰੇ ਦਾ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਸ਼ਲਾਘਾ ਕਰਨਾ ਉਨ੍ਹਾਂ ਦੀ ਦੂਰ-ਅੰਦੇਸ਼ੀ ਸੋਚ ਤੇ ਸਿੱਖਾਂ ਪ੍ਰਤੀ ਸੁਚੇਰੀ ਭਾਵਨਾ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਸਰਬੱਤ ਦੇ ਭਲੇ ਦੇ ਮਾਰਗ ‘ਤੇ ਚੱਲਣਾ ਅਤੇ ਮਾਨਵਤਾ ਦੀ ਸੇਵਾ ਲਈ ਤੱਤਪਰ ਰਹਿਣਾ ਹਰ ਸਿੱਖ ਦਾ ਮੁੱਢਲਾ ਫ਼ਰਜ਼ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਸਿੱਖਾਂ ਨੇ ਸਮੇਂ-ਸਮੇਂ ਤੇ ਇਸ ਮਾਰਗ ਤੇ ਚੱਲ ਕੇ ਇਸ ਦਾ ਪ੍ਰਮਾਣ ਵੀ ਦਿੱਤਾ ਹੈ ਕਿ ਸਿੱਖ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਜਦ ਵੀ ਕਦੇ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਮੁੱਢਲੀ ਕਤਾਰ ਵਿੱਚ ਖੜ੍ਹ ਕੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਓਬਾਮਾ ਦੀ ਸਿੱਖਾਂ ਪ੍ਰਤੀ ਭਾਵਨਾ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।