ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਤੇ ਸਿੱਖ ਅਧਿਐਨ ਖੋਜ ਪ੍ਰੋਜੈਕਟ ਦੇ ਕਾਰਜਾਂ ਲਈ ਦਿੱਤਾ 50 ਲੱਖ ਦਾ ਚੈੱਕ

????????????????????????????????????

ਅੰਮ੍ਰਿਤਸਰ : 23 ਜੂਨ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ: ਬਲਵੰਤ ਸਿੰਘ ਢਿੱਲੋਂ ਫਾਊਂਡਰ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੋ-ਆਰਡੀਨੇਟਰ ਸਿੱਖ ਧਰਮ ਅਧਿਐਨ ਖੋਜ ਪ੍ਰੋਜੈਕਟ ਦੀਆਂ ਦੋ ਪੁਸਤਕਾਂ ‘ਰਾਜਿਸਥਾਨੀ ਡਾਕੂਮੈਂਟਸ ਆਨ ਬੰਦਾ ਸਿੰਘ ਬਹਾਦਰ’ ਅਤੇ ‘ਪਰਸਪੈਕਟਿਵ ਆਨ ਸਿੱਖ ਰਿਲੀਜ਼ਨ ਹਿਸਟਰੀ ਐਂਡ ਆਈਡੈਂਟਿਟੀ’ ਅਤੇ ਡਾ: ਗੁਲਜ਼ਾਰ ਸਿੰਘ ਕੰਗ ਡਾਇਰੈਕਟਰ ਦੀਆਂ ਦੋ ਪੁਸਤਕਾਂ ‘ਗੁਰਮਤਿ ਚਿੰਤਨ-ਚੇਤਨਾ’ ਅਤੇ ‘ਗੁਰਬਾਣੀ ਵਿਆਖਿਆ-ਵਿਖਿਆਨ’ ਲੋਕ ਅਰਪਣ ਕੀਤੀਆਂ। ਜਥੇਦਾਰ ਅਵਤਾਰ ਸਿੰਘ ਨੇ ਇਸ ਸਮਾਰੋਹ ਵਿੱਚ ਬੋਲਦਿਆਂ ਕਿਹਾ ਕਿ ਡਾ: ਗੁਲਜ਼ਾਰ ਸਿੰਘ ਕੰਗ ਦੀਆਂ ਹਥਲੀਆਂ ਦੋ ਪੁਸਤਕਾਂ ਗੁਰਬਾਣੀ ਵਿਆਖਿਆ-ਵਿਖਿਆਨ ਗੁਰਬਾਣੀ ਨਾਲ ਸਬੰਧਿਤ ਖੋਜ-ਪੱਤਰਾਂ ਦਾ ਸੰਗ੍ਰਹਿ ਹੈ, ਜੋ ‘ਗੁਰਮਤਿ’: ਚਿੰਤਨ-ਚੇਤਨਾ ਦੀ ਨਿਰੰਤਰਤਾ ਨੂੰ ਅੱਗੇ ਤੋਰਦੀ ਹੈ ਤੇ ਗੁਰਮਤਿ ਚਿੰਤਨ-ਚੇਤਨਾ ਨਾਮ ਦੀ ਦੂਸਰੀ ਪੁਸਤਕ ਗੁਰਮਤਿ ਦੇ ਮੂਲ ਸਿਧਾਂਤਾਂ ਤੇ ਸੰਕਲਪਾਂ ਦੁਆਲੇ ਕੇਂਦਰਿਤ ਖੋਜ-ਪੱਤਰਾਂ ਦਾ ਸੰਗ੍ਰਹਿ ਹੈ। ਉਨ੍ਹਾਂ ਕਿਹਾ ਕਿ ਡਾ: ਕੰਗ ਦੀਆਂ ਇਨ੍ਹਾਂ ਦੋਵੇਂ ਪੁਸਤਕਾਂ ਵਿੱਚ ਵੱਖ-ਵੱਖ ਸਮੇਂ ਵੱਖ-ਵੱਖ ਸੈਮੀਨਾਰਾਂ ਤੇ ਕਾਨਫਰੰਸਾਂ ਵਿੱਚ ਪੜ੍ਹੇ ਗਏ ਖੋਜ-ਪੱਤਰਾਂ ਨੂੰ ਪੁਨਰ ਤਰਤੀਬ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾ: ਬਲਵੰਤ ਸਿੰਘ ਢਿੱਲੋਂ ਵੱਲੋਂ ਪਾਠਕਾਂ ਦੀ ਝੋਲੀ ਪਾਈਆਂ ਗਈਆਂ ਪੁਸਤਕਾਂ, ਪਹਿਲੀ ਪਰਸਪੈਕਟਿਵ ਆਨ ਸਿੱਖ ਰਿਲੀਜ਼ਨ ਹਿਸਟਰੀ ਐਂਡ ਆਈਡੈਂਟਿਟੀ ਅਤੇ ਦੂਸਰੀ ਪੁਸਤਕ ਰਾਜਿਸਥਾਨੀ ਡਾਕੂਮੈਂਟਸ ਆਨ ਬੰਦਾ ਸਿੰਘ ਬਹਾਦਰ ਨੇ ਇਕ ਨਵੀਂ ਕਿਸਮ ਦੇ ਖੋਜ ਪਰਭੂਰ ਲੇਖਾਂ ਰਾਹੀਂ ਪਾਠਕਾਂ ਵਿੱਚ ਨਿਵੇਕਲੀ ਅਤੇ ਵਿਲੱਖਣ ਪਹਿਚਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਡਾ: ਬਲਵੰਤ ਸਿੰਘ ਢਿੱਲੋਂ ਨੇ ਆਪਣੇ ਵਡਮੁੱਲੇ ਖੋਜ ਕਾਰਜਾਂ ਲਈ ਪਾਠਕਾਂ ਦੇ ਦਿਲਾਂ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ, ਜੋ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਡਾ: ਢਿੱਲੋਂ ਨੇ ਆਪਣੀ ਪੁਸਤਕ ਰਾਜਿਸਥਾਨੀ ਡਾਕੂਮੈਂਟਸ ਆਨ ਬੰਦਾ ਸਿੰਘ ਬਹਾਦਰ ਰਾਹੀਂ ਇਤਿਹਾਸ ਦੇ ਉਹ ਅਣਮੋਲ ਸੁਨਹਿਰੀ ਪੰਨੇ ਸੁਰਜੀਤ ਕੀਤੇ ਹਨ ਜਿਨ੍ਹਾਂ ਬਾਰੇ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਵਾਈਸ ਚਾਂਸਲਰ ਸ੍ਰ: ਅਜਾਇਬ ਸਿੰਘ ਬਰਾੜ ਅਤੇ ਡਾ: ਬਲਵੰਤ ਸਿੰਘ ਢਿੱਲੋਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਅਧਿਐਨ ਕੇਂਦਰ ਅਤੇ ਸਿੱਖ ਧਰਮ ਅਧਿਐਨ ਖੋਜ ਪ੍ਰੋਜੈਕਟ ਦੀ ਹੋਣ ਵਾਲੇ ਵਡਮੁੱਲੇ ਕਾਰਜਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ੫੦ ਲੱਖ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਇਸ ਮੌਕੇ ਸ੍ਰ: ਅਜਾਇਬ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ: ਬਲਵੰਤ ਸਿੰਘ ਢਿੱਲੋਂ ਨੇ ਜਥੇਦਾਰ ਅਵਤਾਰ ਸਿੰਘ ਨੂੰ ਸਿਰੋਪਾਓ, ਲੋਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਪਰਮਜੀਤ ਸਿੰਘ ਸਰੋਆ ਤੇ ਸ੍ਰ: ਪ੍ਰਮਜੀਤ ਸਿੰਘ ਮੁੰਡਾ ਪਿੰਡ ਨਿੱਜੀ ਸਹਾਇਕ, ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ੍ਰ: ਜਸਵਿੰਦਰ ਸਿੰਘ ਚੀਫ਼ ਅਕਾਊਂਟੈਂਟ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।