ਅੰਮ੍ਰਿਤਸਰ 2 ਅਪ੍ਰੈਲ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੀਲੀਭੀਤ ਝੂਠੇ (ਫਰਜੀ) ਮੁਕਾਬਲੇ ‘ਚ ਮਾਰੇ ਗਏ 10 ਸਿੱਖ ਯਾਤਰੀਆਂ ਦੇ ਦੋਸ਼ੀ 47 ਪੁਲੀਸ ਮੁਲਾਜ਼ਮਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੀ ਪ੍ਰਸ਼ੰਸਾ ਕੀਤੀ ਹੈ।ਉਨ੍ਹਾਂ ਕਿਹਾ ਕਿ 1991 ਨੂੰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰਨਾਂ ਤੀਰਥ ਅਸਥਾਨਾ ਦੀ ਯਾਤਰਾ ਕਰਦੇ ਹੋਏ 25 ਸਿੱਖ ਯਾਤਰੀਆਂ ਦਾ ਜਥਾ ਬੱਸ ਨੰਬਰ ਯੂ ਪੀ 26/0245 ਤੋਂ ਵਾਪਸ ਪਰਤ ਰਿਹਾ ਸੀ ਤਦ ਕਛਾਲਾ ਘਾਟ ਦੇ ਨਜਦੀਕ ਤੋਂ ਪੁਲੀਸ ਕਰਮਚਾਰੀਆਂ ਨੇ ਬੱਸ ਤੋਂ 10 ਸਿੱਖ ਨੌਜਵਾਨਾਂ ਨੂੰ ਉਤਾਰ ਲਿਆ ਅਤੇ ਤਿੰਨ ਥਾਣਾ ਖੇਤਰਾਂ ‘ਚ ਮੁਕਾਬਲਾ ਦਿਖਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

ਜਥੇਦਾਰ ਅਵਤਾਰ ਸਿੰਘ ਨੇ ਮਾਣਯੋਗ ਸੀ ਬੀ ਆਈ ਜੱਜ ਸ੍ਰੀ ਲੱਲੂ ਸਿੰਘ ਵੱਲੋਂ ਇਹ ਇਤਿਹਾਸਕ ਫੈਂਸਲਾ ਸੁਨਾਉਣ ਤੇ ਪੂਰੇ ਸਿੱਖ ਸਮੁਦਾਏ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਬਾਕੀ ਸਿੱਖ ਮੁਲਾਜ਼ਮਾਂ ਨੂੰ ਸਬਕ ਮਿਲੇਗਾ ਜੋ ਤਰੱਕੀਆਂ ਲੈਣ ਦੀ ਖਾਤਿਰ ਝੂਠੇ ਪੁਲੀਸ ਮੁਕਾਬਲੇ ਕਰਕੇ ਬੇਦੋਸ਼ੇ ਸਿੱਖਾਂ ਦੀ ਹੱਤਿਆ ਕਰਦੇ ਹਨ।ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਇਹ ਲੜਾਈ ਭਾਵੇਂ ਬਹੁਤ ਲੰਬਾ ਸਮਾਂ ਲੜਨੀ ਪਈ, ਪਰ ਇਸ ਨੇ ਇਹ ਮਿਸਾਲ ਕਾਇਮ ਕਰ ਦਿੱਤੀ ਕਿ ਅੱਜ ਵੀ ਦੇਸ਼ ਵਿੱਚ ਮਾਣਯੋਗ ਸੀ ਬੀ ਆਈ ਜੱਜ ਸ੍ਰੀ ਲੱਲੂ ਸਿੰਘ ਵਰਗੇ ਇਨਸਾਨ ਮੌਜੂਦ ਨੇ ਜੋ ਇਨਸਾਫ਼ ਦੇ ਤਰਾਜੂ ਨੂੰ ਡੋਲਣ ਨਹੀਂ ਦੇਂਦੇ।ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੇ ਤਪਦੇ ਹਿਰਦੇ ਸ਼ਾਂਤ ਹੋਣਗੇ।ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਿੱਲੀ ਤੇ ਕਾਨ੍ਹਪੁਰ ਦੰਗਿਆਂ ਵਿੱਚ ਸਿੱਖ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਸੁਣਾ ਕੇ ਸਿੱਖ ਕੌਮ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਏ ਤਾਂ ਜੋ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੁੰ ਸ਼ਾਂਤ ਕੀਤਾ ਜਾ ਸਕੇ।