S. Avtar Singhਅੰਮ੍ਰਿਤਸਰ ੨੧ ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਟੀ ਦੇ ਪਿੰਡ ਕੋਟ ਬੁੱਢਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਕੋਟ ਬੁੱਢਾ ਵਿਖੇ ਜਿਸ ਵੀ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜਨ ਦੀ ਜੁਰਅਤ ਕੀਤੀ ਹੈ ਪ੍ਰਸ਼ਾਸਨ ਉਸ ਦੀ ਭਾਲ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕਰੇ।ਉਨ੍ਹਾਂ ਕਿਹਾ ਕਿ ਰੋਜ-ਰੋਜ ਐਸੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਕਿਸੇ ਇਕ ਵਿਅਕਤੀ ਦਾ ਕਾਰਾ ਨਹੀਂ ਇਸ ਪਿੱਛੇ ਕੋਈ ਵੱਡਾ ਗਰੋਹ ਸ਼ਾਮਿਲ ਹੋ ਸਕਦਾ ਹੈ, ਜੋ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਲਾਂਬੂ ਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਂਝੀਵਾਲਤਾ ਦੇ ਪ੍ਰਤੀਕ ਹਨ ਤੇ ਇਸ ਵਿਚਲੀ ਬਾਣੀ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਹਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਸੰਗਤਾਂ ੨੪ ਘੰਟੇ ਵਾਰੀ ਸਿਰ ਪਹਿਰਾ ਦੇਣ ਤੇ ਐਸੇ ਗੁਰੂ ਦੋਖੀਆਂ ਦੀ ਪਛਾਣ ਕਰਕੇ ਕਨੂੰਨ ਦੇ ਹਵਾਲੇ ਕਰਨ ਤਾਂ ਜੋ ਉਨ੍ਹਾਂ ਨੂੰ ਸਜ਼ਾ ਮਿਲ ਸਕੇ।ਉਨ੍ਹਾਂ ਕਿਹਾ ਕਿ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆਪਣੇ ਗੁਰਦੁਆਰਾ ਸਾਹਿਬਾਨ ਵਿਖੇ ਸੀ ਸੀ ਟੀ ਵੀ ਕੈਮਰੇ ਲਗਾਉਣ ਤੇ ਜੋ ਇਨ੍ਹਾਂ ਦਾ ਖਰਚਾ ਕਰਨ ਤੋਂ ਅਸਮਰੱਥ ਹੋਣ ਉਹ ਕੰਮ ਕਾਜ ਵਾਲੇ ਦਿਨ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਆ ਕੇ ਮਿਲਣ ਤਾਂ ਜੋ ਕੈਮਰੇ ਲਗਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।