Untitled-1ਅੰਮ੍ਰਿਤਸਰ ੩੦ ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਫ਼ਗਾਨਿਸਤਾਨ ਦੇ ਕਬਾਇਲੀ ਖੇਤਰ ‘ਚ ਸਿੱਖਾਂ ਨਾਲ ਹੁੰਦੀ ਵਧੀਕੀ ਸਬੰਧੀ ਪੱਤਰ ਲਿਖਿਆ।
ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖੇ ਪੱਤਰ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ ਹਨ।ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਨੌਜਵਾਨ ਕੁਲਰਾਜ ਸਿੰਘ ਜੋ ਮੁਦਾਰੇ ਸ਼ਰੀਫ ਸ਼ਹਿਰ ਦੇ ਕੋਲ ਕਸਬਾ ਮਹਿਮਾਨਾ ਵਿੱਚ ਦੇਸੀ ਦਵਾਈਆਂ ਦੀ ਦੁਕਾਨ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਉਸ ਨੂੰ ਤਾਲਿਬਾਨਾਂ ਵੱਲੋਂ ਜਬਰੀ ਅਗਵਾ ਕਰਕੇ ਨਾ ਸਿਰਫ ਤਸੀਹੇ ਦਿੱਤੇ ਗਏ ਬਲਕਿ ਉਸ ਦੇ ਕੇਸ ਵੀ ਕੱਟ ਦਿੱਤੇ ਗਏ ਅਤੇ ਤਾਲਿਬਾਨ ਵੱਲੋਂ ੧ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਜਿਸ ਤੇ ਨੇੜਲੇ ਸਿੱਖ ਭਾਈਚਾਰੇ ਨੇ ਪੰਜ ਲੱਖ ਰੁਪਏ ਇਕੱਠੇ ਕਰਕੇ ਕਾਫ਼ੀ ਜਦੋਜਹਿਦ ਤੋਂ ਬਾਅਦ ਉਸ ਨੂੰ ਤਕਰੀਬਨ ਢਾਈ ਮਹੀਨੇ ਬਾਅਦ ਤਾਲਿਬਾਨਾਂ ਦੀ ਕੈਦ ‘ਚੋਂ ਛਡਾਇਆ।ਇਸ ਦੌਰਾਨ ਸ. ਕੁਲਰਾਜ ਸਿੰਘ ਨੂੰ ਆਪਣੇ ਧਰਮ ਦੇ ਉਲਟ ਜਬਰੀ ਕਲਮਾ ਪੜ੍ਹਣ ਲਈ ਵੀ ਮਜ਼ਬੂਰ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਿੱਖ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦੇ ਹਨ, ਪ੍ਰੰਤੂ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਇਸਲਾਮਿਕ ਦੇਸ਼ਾਂ ਵਿੱਚ ਬਹੁਤ ਹੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਜੋ ਠੀਕ ਨਹੀਂ।ਉਨ੍ਹਾਂ ਕਿਹਾ ਕਿ ਸਿੱਖਾਂ ਦਾ ਭਾਰਤ ‘ਚ ਅਹਿਮ ਮਹੱਤਵ ਹੈ ਇਸ ਲਈ ਭਾਰਤ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਸੁਰੱਖਿਅਤ ਜ਼ਿੰਦਗੀ ਤੇ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਇਸਲਾਮਿਕ ਦੇਸ਼ਾਂ ਨਾਲ ਠੋਸ ਗੱਲਬਾਤ ਕਰੇ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵਿਸ਼ਵ ਪੱਧਰ ਤੇ ਸਿੱਖਾਂ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਦੀ ਹੈ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਮੁੱਦੇ ਤੇ ਨਿੱਜੀ ਦਿਲਚਸਪੀ ਲੈਂਦਿਆਂ ਹੋਇਆ ਕੂਟਨੀਤਿਕ ਪੱਧਰ ‘ਤੇ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰਕੇ ਉਥੇ ਵੱਸਦੇ ਸਿੱਖਾਂ ਦੀ ਰਾਖੀ ਨੂੰ ਯਕੀਨੀ ਬਣਾਓ।