asinghਅੰਮ੍ਰਿਤਸਰ ੨੪ ਫਰਵਰੀ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ‘ਚ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਵਿਅੰਗ ਕਲਾਕਾਰ ਨੂੰ ਏਅਰ ਲਾਈਨਜ਼ ਕੰਪਨੀ ਵੱਲੋਂ ਸੁਰੱਖਿਆ ਦੇ ਨਾਂਅ ‘ਤੇ ਦਸਤਾਰ ਉਤਾਰਨ ਅਤੇ ਇਟਲੀ ਦੀ ਪੁਲਿਸ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਸ੍ਰੀ ਸਾਹਿਬ ਲਾਹੁਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਵਿਦੇਸ਼ਾਂ ‘ਚ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਕਰਕੇ ਕਾਫੀ ਜਦੋ-ਜਹਿਦ ਕਰਨੀ ਪੈ ਰਹੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ੯ ਫਰਵਰੀ ਨੂੰ ਸਿੱਖ ਅਮਰੀਕੀ ਅਦਾਕਾਰ ਵਾਰਿਸ ਆਹਲੂਵਾਲੀਆ ਨੂੰ ਦਸਤਾਰ ਕਰਕੇ ਏਅਰ ਮੈਕਸੀਕੋ ਦੀ ਫਲਾਈਟ ‘ਚ ਚੜ੍ਹਨ ਤੋਂ ਰੋਕਿਆ ਗਿਆ ਜਿਸ ਦਾ ਕੌਮਾਂਤਰੀ ਪੱਧਰ ਤੇ ਵਿਰੋਧ ਹੋਣ ‘ਤੇ ਏਅਰ ਕੰਪਨੀ ਵੱਲੋਂ ਮਾਫੀ ਮੰਗੀ ਗਈ ਤੇ ਹੁਣ ਮੌਜੂਦਾ ਘਟਨਾ ਵਿੱਚ ਸ. ਜਸਮੀਤ ਸਿੰਘ ਨੂੰ ਸਾਨ ਫਰਾਂਸਿਸਕੋ ਤੋਂ ਫਲਾਈਟ ਲੈਣ ਸਮੇਂ ਦਸਤਾਰ ਉਤਾਰਨ ਲਈ ਮਜ਼ਬੂਰ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਹਿਚਾਣ ਸਬੰਧੀ ਵਿਤਕਰੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਹਰ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਆਖਿਰ ਕਦੋਂ ਤੱਕ ਆਪਣੇ ਧਾਰਮਿਕ ਚਿੰਨ੍ਹਾਂ ਕਰਕੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ ? ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ਵਾਰ ਫਿਰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਿੱਖਾਂ ਨਾਲ ਸਬੰਧਤ ਮਾਮਲਿਆਂ ਨੂੰ ਆਪਣੀ ਨਿਜੀ ਦਿਲਚਸਪੀ ਲੈ ਕੇ ਹੱਲ ਕਰਵਾਉਣ ਤਾਂ ਕਿ ਸਿੱਖਾਂ ਦੀ ਪਹਿਚਾਣ ਸਬੰਧੀ ਭਰਮ-ਭੁਲੇਖੇ ਨੂੰ ਦੂਰ ਕੀਤਾ ਜਾ ਸਕੇ।
ਇਕ ਹੋਰ ਘਟਨਾ ‘ਚ ਇਟਲੀ ਦੇ ਵਿਰੋਨਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਆਪਣਾ ਵਰਕ ਪਰਮਿਟ ਰੀਨਿਊ ਕਰਵਾਉਣ ਆਏ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ. ਜਸਪ੍ਰੀਤ ਸਿੰਘ ਨੂੰ ਸ੍ਰੀ ਸਾਹਿਬ ਉਤਾਰਨ ਲਈ ਕਹਿਣ ਤੇ ਜਥੇਦਾਰ ਅਵਤਾਰ ਸਿੰਘ ਨੇ ਸਖ਼ਤ ਵਿਰੋਧ ਜਤਾਉਂਦਿਆਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਵੱਲੋਂ ਅੰਮ੍ਰਿਤਧਾਰੀ ਸਿੰਘ ਨੂੰ ਬਖਸ਼ੇ ਪੰਜ ਕਕਾਰ ਉਸ ਦਾ ਅਨਿੱਖੜਵਾਂ ਅੰਗ ਹਨ ਜਿਸ ਨੂੰ ਕਦਾਚਿਤ ਵੀ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਵਿੱਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਇਟਲੀ ਦੀ ਸਰਕਾਰ ਨਾਲ ਗੱਲਬਾਤ ਕਰਕੇ ਪੁਲਸ ਥਾਣੇ ਦੇ ਇਮੀਗ੍ਰੇਸ਼ਨ ਵਿਭਾਗ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਹਿਣ ਅਤੇ ਸਿੱਖ ਧਰਮ ਦੀ ਮਰਯਾਦਾ ਤੇ ਸਿਧਾਂਤਾਂ ਬਾਰੇ ਜਾਣਕਾਰੀ ਵੀ ਦੇਣ ਤਾਂ ਕਿ ਅੱਗੇ ਤੋਂ ਕੋਈ ਵੀ ਸਿੱਖ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਦਾ ਸ਼ਿਕਾਰ ਨਾ ਹੋਵੇ।ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਇਟਲੀ ਵਿੱਚ ਸ੍ਰੀ ਸਾਹਿਬ ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਵੀ ਮੰਗ ਕੀਤੀ।