asingh ਅੰਮ੍ਰਿਤਸਰ 10 ਮਾਰਚ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਗਲੈਂਡ ‘ਚ ਇਕ ਕਾਰ ਬੂਟ ਸੇਲ ਦੌਰਾਨ ਗੋਰੇ ਵਿਕਰੇਤਾ ਅਤੇ ਵੁਲਵਰਹੈਂਪਟਨ ਦੀ ਚੈਰਿਟੀ ਦੁਕਾਨ ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪਾਂ ਨੂੰ ਬਾਜ਼ਾਰਾਂ ‘ਚ ਸ਼ਰੇਆਮ ਵੇਚਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹ ਕੋਈ ਹੱਕ ਨਹੀਂ ਹੈ ਕਿ ਉਹ ਵਪਾਰਕ ਤੌਰ ਤੇ ਆਪਣੇ ਨਿੱਜੀ ਹਿੱਤਾਂ ਖਾਤਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਰਤੋਂ ਕਰੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਕਰੀ ਦਾ ਸਾਧਨ ਬਣਾਉਣਾ ਕਿਸੇ ਵੀ ਕੀਮਤ ‘ਤੇ ਜਾਇਜ਼ ਨਹੀਂ ਹੈ।ਉਨ੍ਹਾਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਜੋਂ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਹਨ ਜਿਥੇ ਪੂਰਨ ਮਰਿਯਾਦਾ ਦਾ ਖਿਆਲ ਰੱਖਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਵਿੱਚ ਵੀ ਇਸ ਗੱਲ ਵੱਲ ਖਾਸ ਤਵਜੋਂ ਦਿੱਤੀ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ‘ਚ ਕੋਈ ਕੋਤਾਹੀ ਨਾ ਹੋਵੇ।
ਇਕ ਹੋਰ ਘਟਨਾ ਵਿੱਚ ਨੌਰਥ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ (ਪੱਤਰੇ) ਖਿਲਾਰਨ ਤੇ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਇਹ ਘੋਰ ਪਾਪ ਕਮਾਇਆ ਗਿਆ ਹੈ ਜੋ ਕਦਾਚਿਤ ਬਖਸ਼ਣ ਯੋਗ ਨਹੀਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਗੁਰੂ ਹਨ ਇਸ ਵਿੱਚ ਗੁਰੂ ਸਾਹਿਬ ਤੋਂ ਇਲਾਵਾ ਸਾਰੇ ਧਰਮਾਂ ਦੇ ਭਗਤਾਂ ਅਤੇ ਭੱਟਾਂ ਦੀ ਬਾਣੀ ਦਰਜ ਹੈ ਤੇ ਹਰ ਮਨੁੱਖ ਇਸ ਅੱਗੇ ਆਪਣਾ ਸੀਸ ਝੁਕਾਉਂਦਾ ਹੈ।ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ਼ ਨੂੰ ਖਰਾਬ ਕਰਨ ਦੇ ਮਕਸਦ ਨਾਲ ਇਹ ਘਿਨੌਣੀ ਕਰਤੂਤ ਕੀਤੀ ਗਈ ਹੈ।ਉਨ੍ਹਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਉਪਰਾਲੇ ਕਰਨ।