intਅੰਮ੍ਰਿਤਸਰ 29 ਅਪ੍ਰੈਲ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਬਹਿਕ ਫੱਤੂ ਨੇੜੇ ਜ਼ੀਰਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੯ ਪਾਵਨ ਸਰੂਪ ਅਗਨ ਭੇਟ ਹੋ ਜਾਣ ਅਤੇ ਪਿੰਡ ਕਕਰਾਲਾ ਨੇੜੇ ਨਾਭਾ ਵਿਖੇ ਸ਼ਬਦਾਰਥ ਦੀਆਂ ਪੋਥੀਆਂ ਦੇ ਪਹਿਲੇ ਦੋ ਭਾਗ ਸਾੜੇ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਹਿਕ ਫੱਤੂ ਦੇ ਗੁਰਦੁਆਰਾ ਸਾਹਿਬ ਦੇ ਘਟਨਾਕ੍ਰਮ ਦਾ ਪਤਾ ਲੱਗਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਜਾਮਨੀ ਸਾਹਿਬ, ਵਜੀਦਪੁਰ ਦੇ ਮੈਨੇਜਰ ਸ੍ਰ: ਕੁਲਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਸ. ਬਲਵਿੰਦਰ ਸਿੰਘ ਉਬੋਕੇ, ਸੁਪਰਵਾਈਜ਼ਰ ਸ. ਅਜੀਤ ਸਿੰਘ ਤੇ ਸ. ਜਗਦੇਵ ਸਿੰਘ ਹੈੱਡ ਪ੍ਰਚਾਰਕ, ਸ੍ਰ: ਸਰਵਣ ਸਿੰਘ ਤੇ ਸ੍ਰ: ਦਇਆ ਸਿੰਘ ਪ੍ਰਚਾਰਕ ਨੇ ਮੌਕੇ ‘ਤੇ ਪਹੁੰਚ ਕੇ ਜਦ ਪੜਤਾਲ ਕੀਤੀ ਤਾਂ ਪ੍ਰਬੰਧਕਾਂ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਅੱਗ ਸੁਖ ਆਸਨ ਸਾਹਿਬ ਦੇ ਪੱਖੇ ਦਾ ਸ਼ਾਰਟ ਸਰਕਟ ਹੋਣ ‘ਤੇ ਲੱਗੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਟੀਮ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸਤਪਾਲ ਸਿੰਘ ਤਲਵੰਡੀ ਭਾਈ ਤੇ ਬੀਬੀ ਜਸਵਿੰਦਰ ਕੌਰ ਨੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਏ ਪਾਵਨ ਸਰੂਪ ਪੂਰਨ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਾ ਦਿੱਤੇ ਹਨ।ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਖ਼ਬਰਾਂ ਤੇ ਇਸ਼ਤਿਹਾਰਾਂ ਰਾਹੀਂ ਅਪੀਲ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੁਖ ਆਸਨ ਅਸਥਾਨ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਪੱਖੇ ਤੇ ਬਿਜਲੀ ਦੇ ਹੋਰ ਉਪਕਰਨ ਬੰਦ ਕਰਕੇ ਜਾਇਆ ਕਰਨ, ਪਰ ਫਿਰ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ।ਨਤੀਜੇ ਵਜੋਂ ਆਏ ਦਿਨ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀਆਂ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਕਰਨ ਤੋਂ ਸੰਕੋਚ ਕਰਨ ਤੇ ਗੁਰਦੁਆਰਾ ਸਾਹਿਬਾਨ ਵਿੱਚ ਚੰਗੀ ਕੁਵਾਲਿਟੀ ਦੀ ਵਾਇਰਿੰਗ ਦੇ ਨਾਲ-ਨਾਲ ਬਿਜਲੀ ਦੇ ਵਧੀਆ ਉਪਕਰਨਾਂ ਦੀ ਵਰਤੋਂ ਕਰਨ।ਉਨ੍ਹਾਂ ਕਿਹਾ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਦਿਨ ਅਤੇ ਰਾਤ ਦੇ ਸਮੇਂ ਗ੍ਰੰਥੀ ਸਿੰਘ ਜਾਂ ਸੇਵਾਦਾਰ ਜ਼ਰੂਰ ਮੌਜੂਦ ਰਹੇ ਤਾਂ ਜੋ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਿੰਡ ਕਕਰਾਲਾ ਦੀ ੨੮ ਅਪ੍ਰੈਲ ਨੂੰ ਹੋਈ ਮੰਦਭਾਗੀ ਘਟਨਾ ਬਾਰੇ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਬਾਬਾ ਅਜੈਪਾਲ ਸਿੰਘ ਨਾਭਾ ਦੇ ਮੈਨੇਜਰ ਸ੍ਰ: ਹਰਮਿੰਦਰ ਸਿੰਘ ਨੂੰ ਇਤਲਾਹ ਦਿੱਤੀ ਗਈ ਤਾਂ ਉਸੇ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਨਾਲ ਸ੍ਰ: ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਰਜਿੰਦਰਪਾਲ ਸਿੰਘ ਤੇ ਭਾਈ ਸਤਪਾਲ ਸਿੰਘ ਕਥਾਵਾਚਕ ਨੇ ਮੌਕੇ ਤੇ ਜਾ ਕੇ ਜਦ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਪਿੰਡ ਕਕਰਾਲਾ, ਤਹਿਸੀਲ ਨਾਭਾ, ਜ਼ਿਲ੍ਹਾ, ਪਟਿਆਲਾ ਦੇ ਵਾਸੀ ਜਗਮੇਲ ਸਿੰਘ ਪੁੱਤਰ ਸ੍ਰ: ਕਰਤਾਰ ਸਿੰਘ ਨੇ ਸ਼ਰਾਬ ਪੀ ਕੇ ਸ਼ਬਦਾਰਥ ਦੀਆਂ ਪੋਥੀਆਂ ਦੇ ਪਹਿਲੇ ਦੋ ਭਾਗ ਅਤੇ ਧਾਰਮਿਕ ਲਿਟਰੇਚਰ ਗਲੀ ਵਿੱਚ ਰੱਖ ਕੇ ਜਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੌਕੇ ਤੇ ਪਹੁੰਚੀ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਪੁਲੀਸ ਨੂੰ ਇਤਲਾਹ ਦੇ ਕੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ ਅਤੇ ਅਗਨ ਭੇਟ ਹੋਈਆਂ ਸ਼ਬਦਾਰਥ ਦੀਆਂ ਪੋਥੀਆਂ ਅਤੇ ਧਾਰਮਿਕ ਲਿਟਰੇਚਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪਹੁੰਚਾ ਦਿੱਤਾ ਗਿਆ ਹੈ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਦੋਸ਼ੀ ਵਿਅਕਤੀ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਸ ਨੇ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ।