4ਅੰਮ੍ਰਿਤਸਰ 31 ਦਸੰਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਨੇੜੇ ਮਹਿਤਾ ਅੰਮ੍ਰਿਤਸਰ ਰੋਡ ‘ਤੇ ਬੱਸ ਤੇ ਘੜੁੱਕੇ ਦੀ ਟੱਕਰ ਵਿੱਚ ਜ਼ਖਮੀ ਹੋਏ ੧੨ ਵਿਅਕਤੀਆਂ ਜੋ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ ਹਸਪਤਾਲ ਵੱਲਾ ਵਿਖੇ ਜ਼ੇਰੇ ਇਲਾਜ ਹਨ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ।ਉਨ੍ਹਾਂ ਡਾ. ਏ ਪੀ ਸਿੰਘ ਵਧੀਕ ਸਕੱਤਰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ ਨੂੰ ਜ਼ਖਮੀਆਂ ਦਾ ਇਲਾਜ ਮੁਫਤ ਕਰਨ ਦੀ ਹਦਾਇਤ ਦਿੱਤੀ।ਉਨ੍ਹਾਂ ਇਸ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਲਈ ਡੂੰਘੇ ਦੁੱਖ ਦਾ ਇਜ਼ਹਾਰ ਵੀ ਕੀਤਾ।
ਉਨ੍ਹਾਂ ਕਿਹਾ ਕਿ ਮੇਰੀ ਅਰਦਾਸ ਹੈ ਕਿ ਜੋ ਵਿਅਕਤੀ ਇਸ ਭਿਆਨਕ ਹਾਦਸੇ ਵਿੱਚ ਆਪਣੇ ਪਰਿਵਾਰ ਤੋਂ ਸਦਾ ਲਈ ਵਿੱਛੜ ਗਏ ਹਨ ਅਕਾਲ ਪੁਰਖ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ ਅਤੇ ਜੋ ਵਿਅਕਤੀ ਜ਼ਖਮੀ ਹੋਏ ਹਨ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਵਿੱਚ ਵਾਪਸ ਜਾਣ।
ਇਸ ਮੌਕੇ ਸ. ਜੋਗਿੰਦਰ ਸਿੰਘ ਓ ਐੱਸ ਡੀ, ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਅਤੇ ਸ. ਗੁਰਿੰਦਰ ਸਿੰਘ ਨਿਜੀ ਸਹਾਇਕ ਮੌਜੂਦ ਸਨ।