ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਾਂ ਸਬੰਧੀ ਤਿੰਨ ਸਾਲਾ ਕੋਰਸ ਸ਼ੁਰੂ ਕੀਤਾ ਜਾਵੇਗਾ- ਭਾਈ ਲੌਂਗੋਵਾਲ

ਪਟਿਆਲਾ ੨੬ ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਬਹਾਦਰਗੜ੍ਹ ਸਥਿਤ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਦੀ ਅਕਾਦਮਿਕ ਰੂਪ ਰੇਖਾ ਦੇ ਖਰੜੇ ਨੂੰ ਵਿਚਾਰਨ ਲਈ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਫੈਸਲਾ ਕੀਤਾ ਗਿਆ ਕਿ ਇਸ ਸੰਸਥਾ ਵਿਚ ਗੁਰਦੁਆਰਾ ਪ੍ਰਬੰਧਾਂ ਸਬੰਧੀ ਤਿੰਨ ਸਾਲਾ ਕੋਰਸ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਮੰਤਵ ਗੁਰਦੁਆਰਾ ਸੇਵਾ ਲਈ ਸਿਖਿਅਤ ਪ੍ਰਬੰਧਕ ਤਿਆਰ ਕਰਨਾ ਹੈ। ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਤੋਂ ਇਲਾਵਾ ਸਿੱਖ ਵਿਦਵਾਨ ਸ਼ਾਮਲ ਹੋਏ। ਇਕੱਤਰਤਾ ਦੌਰਾਨ ਵਿਚਾਰ ਵਿਟਾਂਦਰੇ ਤੋਂ ਬਾਅਦ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਸੰਸਥਾ ਅੰਦਰ ਪਹਿਲਾਂ ਚੱਲ ਰਹੇ ਪ੍ਰਾਜੈਕਟਾਂ ਵਿਚ ਹੋਰ ਵਾਧਾ ਕਰਦਿਆਂ ਗ੍ਰੈਜੂਏਸ਼ਨ ਪੱਧਰ ਦਾ ਤਿੰਨ ਸਾਲਾ ‘ਬੈਚੁਲਰ ਆਫ਼ ਗੁਰਦੁਆਰਾ ਮੈਨੇਜਮੈਂਟ’ ਕੋਰਸ ਆਰੰਭ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਮ ‘ਤੇ ਸਥਾਪਤ ਇਸ ਸੰਸਥਾ ਵਿਚ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ ਸਿੱਧੇ ਤੌਰ ‘ਤੇ ਗੁਰਦੁਆਰਾ ਪ੍ਰਬੰਧਾਂ ਵਿਚ ਸ਼ਾਮਲ ਮੁਲਾਜ਼ਮਾਂ ਨਾਲ ਸਬੰਧਤ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਗੁਰਦੁਆਰਾ ਸੇਵਾ ਵਿਚ ਆਉਣ ਵਾਲੇ ਮੁਲਾਜ਼ਮਾਂ ਨੂੰ ਸਿੱਖ ਵਿਰਸੇ, ਸਿੱਖ ਇਤਿਹਾਸ, ਸਿੱਖ ਸਿਧਾਂਤਾਂ, ਗੁਰਮਤਿ ਰਹਿਣੀ, ਸਿੱਖ ਕਦਰਾਂ-ਕੀਮਤਾਂ ਸਮੇਤ ਸਿੱਖੀ ਦੇ ਵਿਸ਼ਵੀ ਸਰੋਕਾਰਾਂ ਬਾਰੇ ਮੁਕੰਮਲ ਗਿਆਨ ਹੋਵੇ, ਕਿਉਂਕਿ ਗੁਰੂ ਘਰਾਂ ਅੰਦਰ ਸੇਵਾ ਨਿਭਾਉਣ ਵਾਲੇ ਮੁਲਾਜ਼ਮਾਂ ਦਾ ਸਿੱਧਾ ਵਾਹ ਸੰਗਤਾਂ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਥੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਲਈ ਗੁਰਮਤਿ ਦੀ ਸਿੱਖਿਆ ਸਬੰਧੀ ਰਿਫੈਰਸ਼ਰ ਕੋਰਸ ਚਲਾਇਆ ਜਾ ਰਿਹਾ ਹੈ, ਪਰ ਨਵੇਂ ਕੋਰਸ ਦਾ ਮੰਤਵ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਤਿਆਰ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਇਸ ਸੰਸਥਾ ਵਿਚ ਨੌਜੁਆਨਾਂ ਨੂੰ ਸਕਿਲਜ਼ ਅਤੇ ਕਰੀਅਰ ਕੌਂਸਲਿੰਗ ਕੋਰਸ ਵੀ ਕਰਵਾਏ ਜਾਣਗੇ।

ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਡਾ. ਸਰਦਾਰਾ ਸਿੰਘ ਜੌਹਲ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ, ਡਾ. ਸੁਖਦਰਸ਼ਨ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ. ਬਲਵੰਤ ਸਿੰਘ ਢਿੱਲੋਂ ਪ੍ਰੋਫ਼ੈਸਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਬਲਕਾਰ ਸਿੰਘ ਸਾਬਕਾ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸਰਬਜਿੰਦਰ ਸਿੰਘ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ. ਪ੍ਰਿਤਪਾਲ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਦਿਲਜੀਤ ਸਿੰਘ ਬੇਦੀ, ਡਾ. ਚਮਕੌਰ ਸਿੰਘ ਡਾਇਰੈਕਟਰ ਜਥੇਦਾਰ ਟੌਹੜਾ ਇੰਸਟੀਚਿਊਟ, ਸ. ਦਰਸ਼ਨ ਸਿੰਘ ਪੀ.ਏ. ਆਦਿ ਮੌਜੂਦ ਸਨ।