1111ਅੰਮ੍ਰਿਤਸਰ 28 ਅਗਸਤ– ਡਾਕਟਰ ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਕਲਪ, ਸੰਸਥਾ ਅਤੇ ਯੋਗਤਾ ਵਿਸ਼ੇ ‘ਚ (ਪੀ. ਐਚ ਡੀ.) ਡਾਕਟਰ ਆਫ ਫਿਲਾਸਫੀ ਹਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਧਰਮ ਅਤੇ ਸੱਭਿਅਤਾ ਅਧਿਐਨ ਵਿਭਾਗ ਦੇ ਵਿਦਿਆਰਥੀਆਂ ਨੂੰ ਪੜਾਉਣ ਲਈ ਵਿਜਟਿੰਗ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਹੈ।
ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਗੁਰਮੋਹਨ ਸਿੰਘ ਵਾਲੀਆਂ ਵੱਲੋਂ ਜਾਰੀ ਨਿਯੁਕਤੀ ਪੱਤਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾਕਟਰ ਰੂਪ ਸਿੰਘ ਨੂੰ ਸੌਂਪਦਿਆਂ ਇਸ ਨਿਯੁਕਤੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ।ਉਨ੍ਹਾਂ ਕਿਹਾ ਕਿ ਡਾਕਟਰ ਰੂਪ ਸਿੰਘ ਸਿੱਖ ਧਰਮ ਵਿੱਚ ਚੰਗੇ ਵਿਦਵਾਨ ਹਨ ਇਨ੍ਹਾਂ ਵੱਲੋਂ ਸਿੱਖ ਧਰਮ ਨਾਲ ਸਬੰਧਤ ਬਹੁਤ ਸਾਰੀਆਂ ਖੋਜ ਭਰਪੂਰ ਪੁਸਤਕਾਂ, ਟਰੈਕਟ ਅਤੇ ਖੋਜ ਪੱਤਰ ਪਾਠਕਾਂ ਦੀ ਝੋਲੀ ਵਿੱਚ ਪਾਏ ਹਨ।ਉਨ੍ਹਾਂ ਕਿਹਾ ਕਿ ਡਾ. ਰੂਪ ਸਿੰਘ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਹੁਦਿਆਂ ਤੇ ਸੇਵਾ ਨਿਭਾਅ ਕੇ ਹੁਣ ਬਤੌਰ ਸਕੱਤਰ ਸ਼੍ਰੋਮਣੀ ਕਮੇਟੀ ਸੇਵਾ ਨਿਭਾਅ ਰਹੇ ਹਨ।ਸਿੱਖ ਧਰਮ ਵਿੱਚ ਪਾਏ ਯੋਗਦਾਨ ਸਦਕਾ ਵੱਖ-ਵੱਖ ਸੰਸਥਾਵਾਂ ਵੱਲੋਂ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ਇਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਤੇ ਯੋਗਤਾ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ ਵੱਲੋਂ ਇਨ੍ਹਾਂ ਨੂੰ ਵਿਜਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਹੈ।ਇਹ ਮਹੀਨੇ ‘ਚ ੨ ਦਿਨ ਆਪਣੀਆਂ ਸੇਵਾਵਾਂ ਯੂਨੀਵਰਸਿਟੀ ਨੂੰ ਦੇਣਗੇ।ਡਾਕਟਰ ਰੂਪ ਸਿੰਘ ਸਕੱਤਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵੱਲੋਂ ਵਿਜਟਿੰਗ ਪ੍ਰੋਫੈਸਰ ਨਿਯੁਕਤ ਕਰਨ ਤੇ ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਡਾਕਟਰ ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਐਜ਼ੂਕੇਸ਼ਨ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ. ਕੇਵਲ ਸਿੰਘ, ਸ. ਰਣਜੀਤ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਤੇ ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ ਨੇ ਵਧਾਈ ਦਿੱਤੀ ਹੈ।