ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਅੰਤਿਮ ਸੰਸਕਾਰ, ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਹੋਈਆਂ ਸ਼ਾਮਲ

ਸ੍ਰੀ ਅਨੰਦਪੁਰ ਸਾਹਿਬ, ੧੬ ਅਗਸਤ:- ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਅੰਤਿਮ ਸੰਸਕਾਰ ਅੱਜ ਇਥੇ ਤਖਤ ਸਾਹਿਬ ਦੇ ਬਾਹਰਵਾਰ ਸਰੋਵਰ ਨਾਲ ਲਗਦੀ ਗਰਾਊਂਡ ਵਿਖੇ ਕਰ ਦਿੱਤਾ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਇੱਕ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਜਿਥੇ ਉਨ੍ਹਾਂ ਨੇ ਕੱਲ੍ਹ ਅੰਤਿਮ ਸਵਾਸ ਲਏ। ਕੱਲ੍ਹ ਸ਼ਾਮ ਨੂੰ ਹੀ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਲਿਆਂਦਾ ਗਿਆ ਅਤੇ ਸਾਰੀ ਰਾਤ ਲਗਾਤਾਰ ਕੀਰਤਨ ਹੁੰਦਾ ਰਿਹਾ। ਅੱਜ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿਖੇ ਲਿਆਂਦਾ ਜਿਥੇ ਸੰਗਤਾਂ ਨੇ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਭਾਈ ਗੁਰਕੀਰਤ ਸਿੰਘ ਅਤੇ ਭਾਈ ਸਤਿੰਦਰਬੀਰ ਸਿੰਘ ਦੇ ਰਾਗੀ ਜੱਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਅਰਦਾਸ ਉਪਰੰਤ ਸਿੰਘ ਸਾਹਿਬ ਦੀ ਮ੍ਰਿਤਕ ਦੇਹ ਨੂੰ ਇੱਕ ਖੁੱਲ੍ਹੀ ਗੱਡੀ ਰਾਹੀਂ ਅੰਤਿਮ ਸੰਸਕਾਰ ਸਥਾਨ ਤਕ ਲਿਆਂਦਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਗੁਰ ਮੰਤਰ ਦਾ ਜਾਪ ਕਰਦੀਆਂ ਨਾਲ ਚੱਲ ਰਹੀਆਂ ਸਨ। ਇਥੇ ਜਪੁ ਜੀ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਅੰਤਿਮ ਅਰਦਾਸ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨੇ ਦਿਖਾਈ।  
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਸ. ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ, ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖਾਲਸਾ, ਗਿਆਨੀ ਪੂਰਨ ਸਿੰਘ, ਪ੍ਰੋ: ਮਨਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸੰਸਦ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ, ਸ. ਰਣਜੀਤ ਸਿੰਘ ਤਲਵੰਡੀ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਲਾਭ ਸਿੰਘ ਕਿਲ੍ਹਾ ਨੰਦਗੜ੍ਹ ਵਾਲੇ, ਬੀਬੀ ਇੰਦਰਜੀਤ ਕੌਰ ਮੁਖੀ ਸਿੱਖ ਧਰਮਾ ਯੂ.ਐਸ.ਏ., ਭਾਈ ਇੰਦਰਜੀਤ ਸਿੰਘ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ.ਕੇ., ਬਾਬਾ ਰਣਜੀਤ ਸਿੰਘ ਗੋਨਿਆਣਾ ਮੰਡੀ, ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਅਵਤਾਰ ਸਿੰਘ ਟਿੱਬੀ ਵਾਲੇ,  ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ, ਪੰਜਾਬ ਸਰਕਾਰ ਵੱਲੋਂ ਬੀਬੀ ਗੁਰਨੀਤ ਤੇਜਾ ਆਈ.ਏ.ਐਸ. ਡਿਪਟੀ ਕਮਿਸ਼ਨਰ ਰੂਪਨਗਰ ਸਮੇਤ ਵੱਖ-ਵੱਖ ਧਾਰਮਿਕ, ਸਮਾਜਕ ਤੇ ਰਾਜਨੀਤਕ ਸ਼ਖਸੀਅਤਾਂ ਨੇ ਗਿਆਨੀ ਮੱਲ ਸਿੰਘ ਦੇ ਮ੍ਰਿਤਕ ਸਰੀਰ ‘ਤੇ ਲੋਈ ਤੇ ਸਿਰੋਪਾਓ ਪਾ ਕੇ ਸ਼ਰਧਾ ਸਤਿਕਾਰ ਭੇਟ ਕੀਤਾ।
ਇਸ ਮੌਕੇ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਸ. ਸੁਰਜੀਤ ਸਿੰਘ ਭਿੱਟੇਵਡ, ਸ. ਜੈਪਾਲ ਸਿੰਘ ਮੰਡੀਆ ਤੇ ਬੀਬੀ ਜੋਗਿੰਦਰ ਕੌਰ, ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ. ਲਾਭ ਸਿੰਘ ਦੇਵੀਨਗਰ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਉਜਾਗਰ ਸਿੰਘ ਬੰਡਾਲੀ, ਸੰਤ ਦਰਬਾਰਾ ਸਿੰਘ ਛੀਨੀਵਾਲ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਅਮਰੀਕ ਸਿੰਘ ਕੋਟ ਸ਼ਮੀਰ, ਬਾਬਾ ਦਰਬਾਰਾ ਸਿੰਘ ਛੀਨੇਵਾਲ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬੀਬੀ ਰਣਜੀਤ ਕੌਰ ਮਾਹਿਲਪੁਰ, ਸ. ਕਰਨੈਲ ਸਿੰਘ ਪੰਜੋਲੀ, ਸੰਤ ਬਲਬੀਰ ਸਿੰਘ ਘੁੰਨਸ, ਸ. ਬਲਦੇਵ ਸਿੰਘ ਚੈਨਪੁਰ, ਸ. ਜਗਸੀਰ ਸਿੰਘ ਮਾਂਗੇਆਣਾ ਤੇ ਸ. ਪਰਮਜੀਤ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਤੇ ਸ. ਮਨਜੀਤ ਸਿੰਘ, ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਬਿਜੈ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਕੰਗ ਤੇ ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਭਾਈ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਭਾਈ ਫੂਲਾ ਸਿੰਘ ਹੈਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਰਾਜਬੀਰ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ, ਬਾਬਾ ਮਨਦੀਪ ਸਿੰਘ ਰਾੜਾ ਸਾਹਿਬ, ਬਾਬਾ ਅੰਗਰੇਜ਼ ਸਿੰਘ, ਬਾਬਾ ਅਜਾਇਬ ਸਿੰਘ ਕਾਰ ਸੇਵਾ ਮੱਖਣਵਿੰਡੀ, ਬਾਬਾ ਮਹਿੰਦਰ ਸਿੰਘ ਮਾਹਲ, ਬਾਬਾ ਮੇਜਰ ਸਿੰਘ ਵਾਂ, ਸ. ਮੋਹਣ ਸਿੰਘ ਢਾਹੇਵਾਲਾ, ਬਾਬਾ ਜੈਲ ਸਿੰਘ ਸ਼ਾਸਤਰੀ, ਬਾਬਾ ਮਾਨ ਸਿੰਘ ਦਲ ਮੜੀਆਂ ਵਾਲਾ, ਬਾਬਾ ਬਲਦੇਵ ਸਿੰਘ, ਭਾਈ ਸੁਖਵਿੰਦਰ ਸਿੰਘ ਸਾਬਕਾ ਹੈਡ ਗ੍ਰੰਥੀ, ਬਾਬਾ ਗਗਨਦੀਪ ਸਿੰਘ ਅਹਿਮਦਗੜ੍ਹ, ਬਾਬਾ ਪਰਦੀਪ ਸਿੰਘ ਬੱਧਨੀਕਲਾਂ, ਬਾਬਾ ਤੀਰਥ ਸਿੰਘ, ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ, ਬਾਬਾ ਅਜੀਤ ਸਿੰਘ ਭਰਤਗੜ੍ਹ, ਬਾਬਾ ਮੱਖਣ ਸਿੰਘ ਟੂਟੋਮਾਜਰਾ, ਬਾਬਾ ਅਜੀਤ ਸਿੰਘ ਜੌਲਾਂ, ਬਾਬਾ ਜਰਨੈਲ ਸਿੰਘ ਕਾਰ ਸੇਵਾ, ਬਾਬਾ ਗੁਰਬਚਨ ਸਿੰਘ ਪੰਡਵਾਂ, ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ, ਬਾਬਾ ਭਾਗ ਸਿੰਘ ਬੰਗਾ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਕਰਮਜੀਤ ਸਿੰਘ ਯਮੁਨਾ ਨਗਰ, ਸ. ਪਰਮਜੀਤ ਸਿੰਘ ਖਾਲਸਾ ਫੈਡਰੇਸ਼ਨ ਆਗੂ, ਬਾਬਾ ਤਰਸੇਮ ਸਿੰਘ ਮਹਿਤਾ, ਸ. ਹਰਪਾਲ ਸਿੰਘ ਚੀਮਾ, ਸ. ਸਰਬਜੀਤ ਸਿੰਘ ਸੋਹਲ, ਬਾਬਾ ਦਿਲਬਾਗ ਸਿੰਘ ਸੇਵਾ ਪੰਥੀ, ਬਾਬਾ ਅਜਮੇਰ ਸਿੰਘ ਕੰਬਲੀ ਵਾਲੇ, ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ, ਬਾਬਾ ਰਤਿੰਦਰ ਸਿੰਘ, ਬਾਬਾ ਹਾਕਮ ਸਿੰਘ, ਦਿੱਲੀ ਕਮੇਟੀ ਵੱਲੋਂ ਸ. ਕੁਲਮੋਹਨ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਸਨ।

ਗਿਆਨੀ ਮੱਲ ਸਿੰਘ ਬਾਰੇ ਸੰਖੇਪ ਜੀਵਨ ਝਾਤ

ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਜਨਮ ੧ ਅਪ੍ਰੈਲ ੧੯੫੫ ਨੂੰ ਪਿਤਾ ਸ. ਸਰਵਣ ਸਿੰਘ ਤੇ ਮਾਤਾ ਪ੍ਰਤਾਪ ਕੌਰ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਦੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਸਮੇਂ ਦੇ ਮਹਾਨ ਵਿਦਵਾਨਾਂ ਨਿਰਮਲਾ ਸੰਪ੍ਰਦਾਇ ਦੇ ਮਹੰਤ ਭਾਗ ਸਿੰਘ ਤੇ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਪਾਸੋਂ ਗੁਰਮਤਿ, ਗੁਰਬਾਣੀ ਤੇ ਇਤਿਹਾਸ ਦੀ ਤਾਮੀਲ ਹਾਸਲ ਕੀਤੀ। ਉਨ੍ਹਾਂ ਨੇ ੮ ਜੁਲਾਈ ੧੯੭੯ ਨੂੰ ਬਤੌਰ ਕਥਾਵਾਚਕ ਹੈਡ ਗ੍ਰੰਥੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾਵਾਂ ਸ਼ੁਰੂ ਕੀਤੀਆਂ। ਆਪ ਨੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਬਤੌਰ ਹੈਡ ਗ੍ਰੰਥੀ ਸੇਵਾ ਨਿਭਾਈ। ਇਸ ਅਰਸੇ ਦੌਰਾਨ ਆਪ ਨੇ ਗੁਰੂ ਸਾਹਿਬਾਨ ਦੇ ਜੀਵਨ, ਸਿੱਖ ਇਤਿਹਾਸ, ਸ਼ਬਦ ਗੁਰੂ, ਮੁਖਵਾਕ ਕਥਾ ਅਤੇ ਸ੍ਰੀ ਦਸਮ ਗ੍ਰੰਥ ਸਬੰਧੀ ਵਿਸਥਾਰਤ ਵਡਮੁੱਲੀ ਜਾਣਕਾਰੀ ਕਲਮਬੱਧ ਕਰਕੇ ੧੬ ਪੁਸਤਕਾਂ ਕੌਮ ਦੀ ਝੋਲੀ ਪਾਈਆਂ। ਆਪ ਮਿਤੀ ੨੨-੦੮-੨੦੧੩ ਤੋਂ ਹੁਣ ਤਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਅਫਸੋਸ ਦਾ ਪ੍ਰਗਟਾਵਾ
ਗਿਆਨੀ ਮੱਲ ਸਿੰਘ ਵੱੱਲੋਂ ਲਿਖੀਆਂ ਪੁਸਤਕਾਂ ਨੂੰ ਪ੍ਰਕਾਸ਼ਿਤ ਕਰੇਗੀ ਸ਼੍ਰੋਮਣੀ ਕਮੇਟੀ –ਪ੍ਰੋ: ਬਡੂੰਗਰ

ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਮੱਲ ਸਿੰਘ ਸਿੱਖ ਕੌਮ ਦੀ ਵਿਦਵਾਨ ਸ਼ਖਸੀਅਤ ਸਨ ਅਤੇ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰੋ: ਬਡੂੰਗਰ ਨੇ ਕਿਹਾ ਕਿ ਗਿਆਨੀ ਮੱਲ ਸਿੰਘ ਨੇ  ਗੁਰਮਤਿ ਦੀ ਗਹਿਰ ਗੰਭੀਰਤਾ ਨਾਲ ਤਾਲੀਮ ਹਾਸਲ ਕਰ ਕੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵਿਖੇ ਗ੍ਰੰਥੀ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਉਹ ਗੁਰੂ ਦੀ ਭੈਅ ਭਾਵਨੀ ਵਿਚ ਰਹਿਣ ਵਾਲੀ ਸ਼ਖਸੀਅਤ ਸਨ ਅਤੇ ਉਨ੍ਹਾਂ ਨੇ ਆਪਣੀ ਗੁਰਮਤਿ ਯੋਗਤਾ ਤੇ ਬੁੱਧੀਮਤਾ ਸਦਕਾ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਪ੍ਰਾਪਤ ਕੀਤੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ਨਾਲ ਕੌਮ ਇੱਕ ਵਿਦਵਾਨ ਜਥੇਦਾਰ ਤੋਂ ਵਾਂਝੀ ਹੋ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਗਿਆਨੀ ਮੱਲ ਸਿੰਘ ਦੁਆਰਾ ਲਿਖੀਆਂ ਗਈਆਂ ਧਾਰਮਿਕ ਪੁਸਤਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਵੱਲੋਂ ਕੀਤੇ ਗਏ ਖੋਜ ਕਾਰਜਾਂ ਤੋਂ ਸਿੱਖ ਸੰਗਤਾਂ ਅਤੇ ਨੌਜੁਆਨ ਪੀੜ੍ਹੀ ਸੇਧ ਪ੍ਰਾਪਤ ਕਰ ਸਕੇ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਉਣਗੇ


ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾਵਾਂ ਨਿਭਾਉਣਗੇ। ਅੱਜ ਜਥੇਦਾਰ ਗਿਆਨੀ ਮੱਲ ਸਿੰਘ ਦੇ ਅੰਤਿਮ ਸੰਸਕਾਰ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾਲੀ ਹੋਈ ਇਸ ਪਦਵੀ ਦਾ ਕਾਰਜਭਾਰ ਪੰਥਕ ਰਿਵਾਇਤ ਮੁਤਾਬਿਕ ਹੈਡ ਗ੍ਰੰਥੀ ਭਾਈ ਫੂਲਾ ਸਿੰਘ ਨੂੰ ਸੌਂਪਿਆ ਗਿਆ ਹੈ ਅਤੇ ਇਹ ਫਿਲਹਾਲ ਆਪਣੀ ਡਿਊਟੀ ਦੇ ਨਾਲ-ਨਾਲ ਇਹ ਸੇਵਾਵਾਂ ਵੀ ਨਿਭਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮੌਕੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦਿੱਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਸ. ਜੈਪਾਲ ਸਿੰਘ ਮੰਡੀਆ,  ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਬਿਜੈ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਅਤੇ ਹੋਰ ਹਾਜ਼ਰ ਸਨ।