ਰਾਜਿਸਥਾਨ ’ਚ ਮਾਸੂਮ ਬੱਚੀ ਨਾਲ ਗੈਂਗਰੇਪ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ-ਐਡਵੋਕੇਟ ਧਾਮੀ
ਅੰਮ੍ਰਿਤਸਰ, 17 ਜਨਵਰੀ-
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੀਆਂ ਸੰਗਤਾਂ ’ਤੇ ਬਿਹਾਰ ਅੰਦਰ ਕੁਝ ਲੋਕਾਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਸੰਗਤ ’ਤੇ ਪਥਰਾਅ ਅਤੇ ਲਾਠੀਚਾਰਜ ਕਰਨਾ ਬੇਹੱਦ ਮੰਦਭਾਗਾ ਹੈ, ਜਿਸ ਦੀ ਬਿਹਾਰ ਸਰਕਾਰ ਨੂੰ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸ਼ਤਾਬਦੀ ਮੌਕੇ ਵੱਡੀ ਸੇਵਾ ਕੀਤੀ ਸੀ, ਉਹ ਇਸ ਘਟਨਾ ਦੇ ਪੀੜ੍ਹਤਾਂ ਨੂੰ ਨਿਆਂ ਦਿਵਾਉਣ ਲਈ ਅੱਗੇ ਆਉਣ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਬਿਹਾਰ ਸਰਕਾਰ ਨਾਲ ਰਾਬਤਾ ਵੀ ਕਾਇਮ ਕੀਤਾ ਜਾਵੇਗਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਰਾਜਸਥਾਨ ਅੰਦਰ ਇਕ ਗੂੰਗੀ ਬੋਲੀ ਮਾਸੂਮ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਦੀ ਵੀ ਨਿੰਦਾ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਮਾਸੂਮ ਬੱਚੀ ਨਾਲ ਅਲਵਰ ਵਿਖੇ ਗੈਂਗ ਰੇਪ ਮਾਨਵਤਾ ਦੇ ਮੱਥੇ ’ਤੇ ਕਲੰਕ ਹੈ, ਜਿਸ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਥਾਨਕ ਸਿੱਖ ਆਗੂਆਂ ਨਾਲ ਰਾਬਤਾ ਬਣਾਇਆ ਗਿਆ ਹੈ ਅਤੇ ਹਰ ਪੱਧਰ ’ਤੇ ਇਸ ਵਿਚ ਸਹਿਯੋਗ ਕੀਤਾ ਜਾਵੇਗਾ। ਦੋਸ਼ੀ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਕਰੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜੋ ਆਪਣੇ ਆਪ ਵਿਚ ਮਿਸਾਲ ਬਣੇ।