ਧਾਰਮਿਕ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ

logoਅੰਮ੍ਰਿਤਸਰ : 11 ਜਨਵਰੀ (        )-ਧਰਮ ਪ੍ਰਚਾਰ ਕਮੇਟੀ ਦੀ ਦਰਜਾ ਤੀਜਾ ਤੇ ਦਰਜਾ ਚੌਥਾ ਦੀ ਧਾਰਮਿਕ ਪ੍ਰੀਖਿਆ ਜਨਵਰੀ 2016 ਵਿੱਚ ਹੋਵੇਗੀ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦੇਂਦਿਆਂ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ੍ਰੀ ਅੰਮ੍ਰਿਤਸਰ ਵੱਲੋਂ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਰ ਸਾਲ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ। ਜਿਸ ਵਿੱਚ ਦਰਜਾ ਤੀਜਾ ਵਿੱਚ ਗ੍ਰੈਜੂਏਟ ਤੇ ਦਰਜਾ ਚੌਥਾ ਵਿੱਚ ਪੋਸਟ ਗ੍ਰੈਜੂਏਟ ਵਿਦਿਆਰਥੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦਰਜਾ ਤੀਜਾ ਦੇ 7700 ਵਿਦਿਆਰਥੀ ਅਤੇ ਦਰਜਾ ਚੌਥਾ ਦੇ 1030 ਵਿਦਿਆਰਥੀਆਂ ਨੇ ਦਾਖਲਾ ਫਾਰਮ ਭਰੇ ਹਨ। ਉਨ੍ਹਾਂ ਦੱਸਿਆ ਕਿ ਗੁਰਬਾਣੀ ਅਤੇ ਗੁਰ-ਇਤਿਹਾਸ, ਸਿੱਖ ਇਤਿਹਾਸ ਅਤੇ ਰਹਿਤ ਮਰਿਯਾਦਾ ਸਬੰਧੀ ਤੀਜੇ, ਚੌਥੇ ਦਰਜੇ ਦੇ ਇੱਕ ਵਿਸ਼ੇਸ਼ ਸਿਲੇਬਸ ਅਨੁਸਾਰ ਮਿਤੀ 20-01-2016 ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਤੇ ਮਿਤੀ 21-01-2016 ਨੂੰ ਸਿੱਖ ਇਤਿਹਾਸ ਤੇ ਰਹਿਤ ਮਰਿਯਾਦਾ ਦਾ ਪੇਪਰ ਸਵੇਰੇ 10-00 ਤੋਂ ਦੁਪਹਿਰ 1-00 ਵਜੇ ਤੀਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਾਰਮਿਕ ਪ੍ਰੀਖਿਆਵਾਂ ਦੇ ਕੁੱਲ 104 ਸੈਂਟਰ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ 60% ਨੰਬਰ ਪ੍ਰਾਪਤ ਕਰਨ ਵਾਲੇ ਹਰੇਕ ਵਿਦਿਆਰਥੀਆਂ ਨੁੰ ਉਤਸ਼ਾਹਿਤ ਕਰਨ ਲਈ ਤੀਜੇ ਦਰਜੇ ਦੇ ਵਿਦਿਆਰਥੀ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ 3100-/ ਰੁਪਏ ਅਤੇ ਚੌਥੇ ਦਰਜੇ ਦੇ ਵਿਦਿਆਰਥੀਆਂ ਨੂੰ 4100/- ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 5100/- 4100/-  ਤੇ 3100/- ਰੁਪਏ ਦੇ ਵਿਸ਼ੇਸ਼ ਵਜੀਫੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ 150 ਦੇ ਕਰੀਬ ਧਾਰਮਿਕ ਟੀਚਰਾਂ ਤੇ ਕਾਲਜਾਂ ਦੇ ਪ੍ਰੋਫੈਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸ੍ਰ: ਭੂਰਾਕੋਹਨਾ ਨੇ ਕਿਹਾ ਕਿ ਸਬੰਧਤ ਕਾਲਜਾਂ ਨੂੰ ਜੇਕਰ 15-01-2016 ਤੀਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦੇ ਉਹ ਦਫ਼ਤਰ ਧਰਮ ਪ੍ਰਚਾਰ ਕਮੇਟੀ ਦੀ ਈ-ਮੇਲ [email protected] ਅਤੇ ਫੋਨ ਨੰ: 0183-2553957,58,59 ਐਕਸਟੈਂਸ਼ਨ 305 ਜਾਂ ਮੋਬਾਇਲ ਨੰਬਰ 99149-00516, 98144-10361, 94179-68917 ਤੇ ਸਵੇਰੇ 10-00 ਤੋਂ ਸ਼ਾਮ 4.30 ਵਜੇ ਤੱਕ ਸੰਪਰਕ ਕਰ ਸਕਦੇ ਹਨ।